ਡਿਪਟੀ ਕਮਿਸ਼ਨਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪ੍ਰਬੰਧਾਂ ਦੀ ਸਮੀਖਿਆ ਉਪਰੰਤ ਆਖਿਆ ‘‘ਹੜ੍ਹਾਂ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਅਤੇ ਮਕਾਨਾਂ ਲਈ ਜਲਦੀ ਹੀ ਜਾਰੀ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ’’

ਮੋਗਾ 22 ਜਨਵਰੀ(ਜਸ਼ਨ):  ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਹੜ੍ਹਾਂ ਦੇ ਬਚਾਅ ਲਈ ਕੀਤੇ ਕਾਰਜ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਮੋਗਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਿੰਡਾਂ ਬਾਗੀਆਂ, ਗੱਟੀਜੱਟਾਂ ਦਾ, ਚੱਕ ਬਾਹਮਣੀਆਂ, ਬਾਸੀਆਂ, ਸਿਰਸੜੀ, ਮੰਝਲੀ, ਰੇਹੜੳਾਂ, ਮੇਲਕ, ਮੰਦਰ ਕਲਾਂ, ਸੰਘੇੜਾ, ਆਦਿ ਦਾ ਦੌਰਾ ਕੀਤਾ ਅਤੇ ਇੱਥੋ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਡਿਪਟੀ ਕਮਿਸ਼ਨਰ ਨੇ ਮੋਗਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਜਿੱਥੋ ਹੱਦ ਸ਼ੁਰੂ ਹੁੰਦੀ ਹੈ ਤੋ ਲੈ ਕੇ ਹੱਦ ਖਤਮ ਹੋਣ ਤੱਕ ਦੇ ਪਿੰਡਾਂ ਦਾ ਮੁਆਇਨਾਂ ਕੀਤਾ। ਇਸ ਸਮੇ ਡਿਪਟੀ ਕਮਿਸ਼ਨਰ ਨੇ ਕਾਵਾਂਵਾਲੇ ਪੱਤਣ ਤੋ ਬੋਗੇਵਾਲਾ ਪਿੰਡ ਤੱਕ ਧੁੱਸੀ ਬੰਧ ਦੀ ਜਲਦ ਹੀ ਮੁਰੰਮਤ ਕਰਨ ਦੇ ਆਦੇਸ਼ ਜਾਰੀ ਕੀਤੇ।  ਇਸ ਸਮੇ ਹੜ੍ਹ ਪ੍ਰਭਾਵਿਤ ਲੋਕਾਂ ਵੱਲੋ ਮਆਵਜ਼ਾ ਰਾਸ਼ੀ ਬਾਰੇ ਪੁੱਛਣ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋ ਹੜ੍ਹਾਂ ਨਾਲ ਹੋਏ ਫਸਲਾਂ ਅਤੇ ਮਕਾਨਾਂ ਦੇ ਨੁਕਸਾਨ ਦੀ ਅਨੁਮਾਨਤ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਅਤੇ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਮਕਾਨਾਂ ਨਾਲ ਸਬੰਧਤ ਮੁਆਵਜ਼ਾ ਰਾਸ਼ੀ ਜਲਦੀ ਹੀ ਸਭ ਨੂੰ ਜਾਰੀ ਕਰ  ਦਿੱਤੀ ਜਾਵੇਗੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪਹਿਲਾਂ ਖੇਤੀਬਾੜੀ ਵਿਭਾਗ ਵੱਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ 2500 ਕੁਇੰਟਲ ਦੇ ਕਰੀਬ ਮਨਜੂਰਸ਼ੁਦਾ ਕਣਕ ਦੇ ਬੀਜ ਬਿਲੁਕਲ ਮੁਫ਼ਤ ਮੁਹੱਈਆ ਕਰਵਾਏ ਗਏ ਹਨ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਨਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਜਗਤਾਰ ਸਿੰਘ ਸਿੱਧੂ, ਕਾਰਜਕਾਰੀ ਇੰਜੀਨੀਅਰ ਡ੍ਰੇਨਜ਼ ਸੰਦੀਪ ਕੁਮਾਰ ਬਲਾਕ ਵਿਕਾਸ; ਤੇ ਦਵਿੰਦਰ ਸਿੰਘ ਤੂਰ ਕਾਰਜਸਾਧਕ ਅਫ਼ਸਰ, ਬਲਾਕ ਪੰਚਾਇਤ ਤੇ ਵਿਕਾਸ ਅਫ਼ਸਰ ਸੁਖਵਿੰਦਰ ਸਿੰਘ ਸਿੱਧੂ, ਗੁਰਦੀਪ ਸਿੰਘ ਨਾਇਬ ਤਹਿਸੀਲਦਾਰ ਅਫ਼ਸਰ ਧਰਮਕੋਟ ਹਾਜ਼ਰ ਸਨ।