ਕੈਪਟਨ ਅਮਰਿੰਦਰ ਸਿੰਘ ਵੱਲੋਂ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਨਾਲ ਮੁਲਾਕਾਤ,ਦਿੱਲੀ-ਅੰਮਿ੍ਰਤਸਰ-ਕੱਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਦਾ ਕੰਮ ਛੇਤੀ ਸ਼ੁਰੂ ਕਰਨ ਦੀ ਦੋਵਾਂ ਨੇ ਸਹਿਮਤੀ ਪ੍ਰਗਟਾਈ

ਨਵੀਂ ਦਿੱਲੀ, 20 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਦੇ ਚੇਅਰਮੈਨ ਡਾ. ਸੁਖਬੀਰ ਸਿੰਘ ਸੰਧੂ ਨੇ ਵੱਕਾਰੀ ਦਿੱਲੀ-ਅੰਮਿ੍ਰਤਸਰ-ਕੱਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਨ ’ਤੇ ਸਹਿਮਤੀ ਜ਼ਾਹਰ ਕੀਤੀ।ਅੱਜ ਬਾਅਦ ਦੁਪਹਿਰ ਮੁੱਖ ਮੰਤਰੀ ਅਤੇ ਐਨ.ਐਚ.ਏ.ਆਈ. ਦੇ ਚੇਅਰਮੈਨ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ 30,000 ਕਰੋੜ ਰੁਪਏ ਦੇ ਪ੍ਰਾਜੈਕਟ ਲਈ ਜ਼ਮੀਨ ਐਕੁਵਾਇਰ ਕਰਨ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚੋਂ 10,000 ਕਰੋੜ ਰੁਪਏ ਐਨ.ਐਚ.ਆਈ.ਏ. ਵੱਲੋਂ ਪੰਜਾਬ ਵਿੱਚ 300 ਕਿਲੋਮੀਟਰ ਮਾਰਗ ਲਈ ਖਰਚੇ ਜਾਣਗੇ। ਐਨ.ਐਚ.ਏ.ਆਈ. ਦੇ ਚੇਅਰਮੈਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਅਥਾਰਟੀ ਵੱਲੋਂ ਪ੍ਰਸਤਾਵਿਤ ਸੇਧ ਨੂੰ ਹੁਣ ਅੰਤਮ ਰੂਪ ਦਿੱਤਾ ਜਾ ਚੁੱਕਾ ਹੈ, ਜਿਸ ਨਾਲ ਇਸ ਪ੍ਰਾਜੈਕਟ ਦੇ ਰਾਹ ਵਿੱਚ ਅੜਿੱਕੇ ਦੂਰ ਹੋ ਗਏ ਹਨ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸ਼ੰਭੂ-ਜਲੰਧਰ (ਪੁਰਾਣਾ ਕੌਮੀ ਮਾਰਗ-1), ਕੌਮੀ ਮਾਰਗ-95 ਦਾ ਲੁਧਿਆਣਾ-ਤਲਵੰਡੀ ਭਾਈ ਹਿੱਸੇ ਨੂੰ ਛੇਤੀ ਸ਼ੁਰੂ ਕਰਨ ਅਤੇ ਕੌਮੀ ਮਾਰਗ-44 ’ਤੇ ਟੋਲ ਟੈਕਸ ਦੀ ਵਸੂਲੀ ਰੱਦ ਕਰਨ ਦੀ ਮੰਗ ਕੀਤੀ ਕਿਉਂ ਜੋ ਇਸ ਮਾਰਗ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋਇਆ। ਕੌਮੀ ਮਾਰਗ 205ਏ ’ਤੇ ਖਰੜ-ਬਨੂੜ-ਤੇਪਲਾ ਦੇ ਚਾਰ ਮਾਰਗੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਇਹ ਮਾਰਗ ਮਈ, 2017 ਵਿੱਚ ਐਨ.ਐਚ.ਏ.ਆਈ. ਨੂੰ ਸੌਂਪ ਦੇਣ ਦੇ ਬਾਵਜੂਦ ਚਾਰ ਮਾਰਗੀ ਕਰਨ ਦਾ ਕੰਮ ਹੁਣ ਤੱਕ ਸ਼ੁਰੂ ਨਹੀਂ ਹੋਇਆ। ਉਨ੍ਹਾਂ ਨੇ ਐਨ.ਐਚ.ਏ.ਆਈ. ਨੂੰ ਬਿਨਾਂ ਕਿਸੇ ਦੇਰੀ ਤੋਂ ਇਸ ਦਾ ਕੰਮ ਸ਼ੁਰੂ ਕਰਨ ਲਈ ਆਖਿਆ। ਐਨ.ਐਚ.ਏ.ਆਈ. ਵੱਲੋਂ ਗਮਾਡਾ ਅਤੇ ਸਥਾਨਕ ਨਗਰ ਕੌਂਸਲ ਨਾਲ ਜ਼ੀਰਕਪੁਰ ਸ਼ਹਿਰ ਵਿੱਚ ਟੋਲ ਰੋਡ ਦੀ ਵਿਆਪਕ ਪੱਧਰ ’ਤੇ ਸਮੀਖਿਆ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਟੋਲ ਰੋਡ ਹੋਣ ਕਰਕੇ ਮੌਜੂਦਾ ਕੌਮੀ ਮਾਰਗ-22 ’ਤੇ ਜ਼ੀਰਕਪੁਰ ਸ਼ਹਿਰ ਵਿੱਚ ਅਕਸਰ ਟ੍ਰੈਫਿਕ ਰੁਕਾਵਟਾਂ ਬਣੀਆਂ ਰਹਿੰਦੀਆਂ ਹਨ। ਸੜਕ ਦੇ ਦੋਵੇਂ ਪਾਸੀਂ ਸੰਘਣੀ ਵਸੋਂ/ਵਪਾਰਕ ਗਤੀਵਿਧੀਆਂ ਹੋਣ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਰਹਿੰਦਾ ਹੈ ਜਿਸ ਕਾਰਨ ਟੋਲ ਦੇ ਪ੍ਰਬੰਧਾਂ ਨੂੰ ਮੁੜ ਘੋਖਣ ਦੀ ਲੋੜ ਹੈ।