ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸਿੱਖ ਕੌਮ ਦੇ ਜਰਨੈਲਾਂ ਦੇ ਲਗਾਏ ਜਾਣ ਬੁੱਤ : ਬੈਂਸ ਭਰਾ

ਲੁਧਿਆਣਾ, 19 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਸ਼੍ਰੀ ਅਮਿ੍ਰਤਸਰ ਸਥਿਤ ਸ਼੍ਰੀ ਦਰਬਾਰ ਸਾਹਿਬ ਦੇ ਹੈਰੀਟੇਜ ਸਟਰੀਟ ਵਿੱਚ ਲੱਗੇ ਬੁੱਤਾਂ ਨੂੰ ਤੋੜਨ ਵਾਲਿਆਂ ਤੇ ਮਾਮਲਾ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਇਹ ਮਾਮਲਾ ਤੁਰੰਤ ਰੱਦ ਕੀਤਾ ਜਾਵੇ ਅਤੇ ਬੁੱਤ ਤੋੜਨ ਵਾਲਿਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਦੇ ਹੋਏ ਸਿੱਖ ਕੌਮ ਦੇ ਬਹਾਦਰ ਜਰਨੈਲਾਂ ਦੇ ਬੁੱਤ ਲਗਾਏ ਜਾਣ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਸਾਡੇ ਗੌਰਵਮਈ ਸਿੱਖ ਇਤਿਹਾਸ ਨੂੰ ਯਾਦ ਕਰਦੇ ਹੋਏ ਮਾਣ ਮਹਿਸੂਸ ਕਰ ਸਕੇ। ਵਿਧਾਇਕ ਬੈਂਸ ਭਰਾ ਅੱਜ ਲੁਧਿਆਣਾ ਵਿੱਖੇ ਆਪਣੇ ਮੁੱਖ ਦਫਤਰ ਕੋਟ ਮੰਗਲ ਸਿੰਘ ਨਗਰ ਵਿੱਖੇ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸਿੱਖ ਸੰਗਤਾਂ ਦੇ ਨਾਲ ਨਾਲ ਹਰ ਧਰਮ ਦੇ ਲੋਕ ਆ ਕੇ ਸਿਜਦਾ ਕਰਦੇ ਹਨ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਲੱਗੇ ਬੁੱਤਾਂ ਨੂੰ ਤੋੜ ਕੇ ਬੁੱਤ ਤੋੜਨ ਵਾਲਿਆਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗ ਕੀਤੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟਰੀਟ ਵਿੱਖੇ ਭੰਗੜਾ ਪਾਉਣ ਵਾਲਿਆਂ ਦੀ ਥਾਂ ਸਿੱਖ ਕੌਮ ਦੇ ਉਨ੍ਹਾਂ ਜਰਨੈਲ ਯੋਧਿਆਂ ਦੇ ਬੁੱਤ ਲਗਾਏ ਜਾਣੇ ਚਾਹੀਦੇ ਹਨ, ਜਿਸ ਤੋਂ ਸਿੱਖ ਕੌਮ ਅਤੇ ਪੂਰੀ ਲੋਕਾਈ ਨੂੰ ਸੇਧ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਜਰਨੈਲਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਜੱਸਾ ਸਿੰਘ ਰਾਮਗੜ੍ਹੀਆ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ ਵਰਗੇ ਅਨੇਕਾਂ ਅਜਿਹੇ ਜਰਨੈਲਾਂ ਦੇ ਨਾਲ ਨਾਲ ਸਿੱਖ ਕੌਮ ਵਿੱਚ ਅਜਿਹੇ ਹਜਾਰਾਂ ਸਿੱਖ ਯੋਧੇ ਪੈਦਾ ਹੋਏ ਹਨ, ਜਿਨ੍ਹਾਂ ਸਿੱਖ ਕੌਮ ਲਈ ਆਪਣੀਆਂ ਜਾਨਾਂ ਦੀ ਪਰਵਾਹ ਤੱਕ ਨਹੀਂ ਕੀਤੀ, ਜਿਨ੍ਹਾਂ ਦਾ ਗੌਰਵਮਈ ਇਤਿਹਾਸ ਰਿਹਾ ਹੈ ਅਤੇ ਇਸੇ ਇਤਿਹਾਸ ਨੂੰ ਸਿੱਖ ਕੌਮ ਸਮੇਤ ਨਵੀਂ ਪੀੜੀ ਅਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਬੈਠੇ ਕਰੋੜਾਂ ਅਰਬਾਂ ਲੋਕਾਂ ਨੂੰ ਦੱਸਣ ਲਈ ਅਜਿਹੇ ਜਰਨੈਲਾਂ ਦੇ ਬੁੱਤ ਲਗਾਏ ਜਾਣੇ ਚਾਹੀਦੇ ਹਨ। ਇਸ ਦੌਰਾਨ ਜੱਥੇਦਾਰ ਬੈਂਸ ਨੇ ਕਿਹਾ ਕਿ ਮਹਾਨ ਯੋਧਿਆਂ ਅਤੇ ਜਰਨੈਲਾਂ ਦੇ ਬੁੱਤ ਲਗਾ ਕੇ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਇੱਕ ਨਵੀਂ ਸੇਧ ਦੇ ਸਕਦੇ ਹਾਂ ਅਤੇ ਆਉਣ ਵਾਲੀ ਨਵੀਂ ਪੀੜੀ ਸਿੱਖ ਕੌਮ ਤੇ ਮਾਣ ਮਹਿਸੂਸ ਕਰੇਗੀ। ਉਨ੍ਹਾਂ ਸੂਬੇ ਦੀ ਸਰਕਾਰ ਸਮੇਤ ਕੇਂਦਰੀ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਬੁੱਤ ਤੋੜਨ ਵਾਲਿਆਂ ਨੂੰ ਤੁਰੰਤ ਰਿਹਾਅ ਕਰਦੇ ਹੋਏ ਉਨ੍ਹਾਂ ਖਿਲਾਫ ਦਰਜ ਕੀਤੇ ਮਾਮਲੇ ਤੁਰੰਤ ਰੱਦ ਕੀਤੇ ਜਾਣ।