ਨਾਗਰਿਕ ਸੋਧ ਕਾਨੂੰਨ ਦੇ ਸਮਰਥਨ ‘ਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਨੇ ਕੱਢੀ ਤਿਰੰਗਾ ਰੈਲੀ, ਨਾਗਰਿਕਤਾ ਸੋਧ ਕਾਨੂੰਨ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਰਾਸ਼ਟਰ ਹਿਤ ਵਿਚ ਨਹੀਂ: ਦੇਵਪਿ੍ਰਆ ਤਿਆਗੀ

Tags: 

ਮੋਗਾ,19 ਜਨਵਰੀ (ਜਸ਼ਨ): ਮੋਗਾ ਸ਼ਹਿਰ ‘ ਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਵੱਲੋਂ ਨਾਗਰਿਕ ਸੋਧ ਕਾਨੂੰਨ ਦੇ ਸਮਰਥਨ ‘ਚ ਵਿਸ਼ਾਲ ਤਿਰੰਗਾ ਰੈਲੀ ਕੱਢੀ ਗਈ । ਰੈਲੀ ਦੌਰਾਨ ਸਮਰਥਕਾਂ ਵੱਲੋਂ 200 ਮੀਟਰ ਦੇ ਵਿਸ਼ਾਲ ਤਿਰੰਗੇ ਨੂੰ ਫੈਲਾਅ ਕੇ ਨਾਗਰਿਕਤਾ ਦੇਣ ਵਾਲੇ ਇਸ ਕਾਨੂੰਨ ਦੇ ਹੱਕ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਰੈਲੀ ਨੇ ਮੋਗਾ ਸ਼ਹਿਰ ਦੇ ਨੌਜਵਾਨਾਂ ’ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ। ਸਮਾਜ ਸੇਵੀ ਦੇਵ ਪਿ੍ਰਆ ਤਿਆਗੀ ਨੇ ਦੱਸਿਆ ਕਿ ਕ੍ਰਾਂਤੀ ਕਦੇ ਵੀ ਘਰ ਬੈਠ ਕੇ ਨਹੀਂ ਆਉਂਦੀ ਅਤੇ ਉਹ ਅਹਿੰਸਾਂ ਦੇ ਮਾਰਗ ’ਤੇ ਚੱਲਦਿਆਂ ਰਾਸ਼ਟਰ ਵਿਰੋਧੀ ਤਾਕਤਾਂ ਦਾ ਵਿਰੋਧ ਕਰ ਰਹੇੇ ਹਨ। ਤਿਆਗੀ ਨੇ ਆਖਿਆ ਕਿ ਜੋ ਲੋਕ ਰਾਸ਼ਟਰ ਨੂੰ ਦਹਾਕਿਆਂ ਪਿੱਛੇ ਲਿਜਾਣਾ ਚਾਹੁੰਦੇ ਹਨ ਜਾਂ ਮਹਾਨ ਸੰਸਿਤੀ  ਨੂੰ ਨਸ਼ਟ ਕਰਨਾ ਚਾਹੁੰਦੇ ਹਨ ਸਾਨੂੰ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਸ਼੍ਰੀ ਤਿਆਗੀ ਨੇ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਸਬੰਧੀ ਜੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਹ ਰਾਸ਼ਟਰ ਹਿਤ ਵਿਚ ਨਹੀਂ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਦੇਸ਼ ਦੇ ਹਿਤ ਸਭ ਤੋਂ ਉੱਪਰ ਹਨ। ਉਹਨਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਲੋਕਤੰਤਰਿਕ ਤਰੀਕੇ ਨਾਲ ਬਣਿਆ ਹੈ ਜੋ ਪਾਕਿਸਤਾਨ ,ਅਫ਼ਗਾਨਿਸਤਾਨ ,ਬੰਗਲਾਦੇਸ਼ ‘ਚ ਪ੍ਰਤਾੜਿਤ ਹਿੰਦੂ ,ਸਿੱਖ ,ਈਸਾਈ ,ਬੌਧ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਲਈ ਬਣਾਇਆ ਗਿਆ ਹੈ। ਇਸ ਮੌਕੇ ਸਮਾਜਸੇਵੀ ਨਵਦੀਪ ਗੁਪਤਾ ਨੇ ਦੱਸਿਆ ਕਿ ਐੱਨ ਆਰ ਸੀ ਅਤੇ ਐੱਨ ਪੀ ਆਰ ਦੇਸ਼ਹਿਤ ਵਿਚ ਹਨ ਅਤੇ ਜੇ ਅਸੀਂ ਅੱਜ ਨਹੀਂ ਜਾਗੇ ਤਾਂ ਅਸੀਂ ਦੁਬਾਰਾ ਤੋਂ ਗੁਲਾਮੀਂ ਦੀ ਜਕੜ ਵਿਚ ਆ ਸਕਦੇ ਹਾਂ। ਇਸ ਮੌਕੇ ਵਰੁਨ ਭੱਲਾ ਨੇ ਵੀ ਨਾਗਰਿਕਤਾ ਸੋਧ ਕਾਨੂੰਨ ’ਤੇ ਆਪਣੇ ਵਿਚਾਰ ਰੱਖੇ। ਇਸ ਰੈਲੀ ਵਿਚ ਨਵਦੀਪ ਗੁਪਤਾ,ਵਰਿੰਦਰ ਗਰਗ,ਜੀਤੇਸ਼,ਵਿਸ਼ਾਲ ਠਾਕੁਰ,ਰਜਿੰਦਰ ,ਸਮਿਤ ,ਲਾਟੀ,ਡਾ: ਰਮਿੰਦਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰਵਾਸੀ ਹਾਜ਼ਰ ਸਨ।