ਪ੍ਰਧਾਨ ਮੰਤਰੀ ਦੇ ‘ਪ੍ਰੀਖਿਆ ’ਤੇ ਚਰਚਾ 2020’ ਪ੍ਰੋਗਰਾਮ ਲਈ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ : ਪ੍ਰਿੰਸੀਪਲ ਅਵਤਾਰ ਸਿੰਘ ਕਰੀਰ

ਮੋਗਾ,16 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ)  -ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 20 ਜਨਵਰੀ ਨੂੰ ਭਾਰਤ ਦੇ ਦਸਵੀਂ ਅਤੇ ਬਾਹਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਡਰ ਮੁਕਤ ਪ੍ਰੀਖਿਆਵਾਂ ਦੇਣ ਲਈ, ਉਹਨਾਂ ਦੀ ਮਾਨਸਿਕਤਾ ਨੂੰ ਮਜਬੂਤ ਕਰਨ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਨੂੰ ਹਊਆ ਨਾ ਸਮਝਣ ਲਈ ‘ਪ੍ਰੀਖਿਆ ’ਤੇ ਚਰਚਾ 2020’ ਦਾ, ਵਿਦਿਆਰਥੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਪੁਰਾਣਾ ਦੇ ਪ੍ਰਿੰਸੀਪਲ ਸ. ਅਵਤਾਰ ਸਿੰਘ ਕਰੀਰ ਨੇ ਮੋਗਾ ਜ਼ਿਲ੍ਹੇ ਤੋਂ ‘ਆਲ ਇੰਡੀਆ ਰੇਡੀਓ’ ਦੀ ਪੱਤਰਕਾਰ ਜਸ਼ਨ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਵੱਡਾ ਉੱਦਮ ਹੈ ਕਿ ਉਹ ਦੇਸ਼ ਦੇ ਭਵਿੱਖ, ਵਿਦਿਆਰਥੀਆਂ ਲਈ ਹਰ ਸਾਲ ਬੋਰਡ ਦੀਆਂ ਪ੍ਰਖਿਆਵਾਂ ਤੋਂ ਪਹਿਲਾਂ ਸਮਾਂ ਕੱਢਦੇ ਹਨ ਅਤੇ ਉਹਨਾਂ ਨੂੰ ਪ੍ਰੀਖਿਆਵਾਂ ਦੀਆਂ ਨਿੱਕੀਆਂ ਨਿੱਕੀਆਂ ਬਾਰੀਕੀਆਂ ਤੋਂ ਜਾਣੂੰ ਕਰਵਾਉਂਦੇ ਹਨ ਤਾਂ ਕਿ ਉਹ ਭੈਅ ਮੁਕਤ ਪੇਪਰ ਦੇ ਸਕਣ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਦੇ ਨੁਕਤਿਆਂ ਕਾਰਨ ਹੀ ਪਿਛਲੇ ਸਾਲ ਦੇਸ਼ ਵਿਚ ,ਵਿਸ਼ੇਸ਼ਕਰ ਪੰਜਾਬ ਵਿਚ ਦਸਵੀਂ ਜਮਾਤ ਦੇ ਨਤੀਜੇ ਬੇਹੱਦ ਉਤਸ਼ਾਹਜਨਕ ਰਹੇ ਹਨ ਅਤੇ ਹੁਣ ਆਸ ਹੈ ਕਿ ਵਿਦਿਆਰਥੀ  20 ਜਨਵਰੀ ਨੂੰ  ਸਵੇਰੇ 11 ਵਜੇ ਪ੍ਰਧਾਨ ਮੰਤਰੀ ਦਾ ਲਾਈਵ ਪ੍ਰਸਾਰਨ ਦੇਖਣ ਅਤੇ ਸੁਣਨ ਉਪਰੰਤ ਪ੍ਰੀਖਿਆਵਾਂ ਵਿਚ ਬੇਹਤਰ ਕਾਰਜਗੁਜ਼ਾਰੀ ਦਿਖਾਉਂਦਿਆਂ ਸਿੱਖਿਆ ਸਕੱਤਰ ਕਰਿਸ਼ਨ ਕੁਮਾਰ ਦੇ ਸੁਪਨੇ ਸ਼ਤ ਪ੍ਰਤੀਸ਼ਤ ਮਿਸ਼ਨ ਦੀ ਪੂਰਤੀ ਕਰਨਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਨ ਸੋਮਵਾਰ 20 ਜਨਵਰੀ ਨੂੰ ਸਵੇਰੇ 11 ਵਜੇ ਰੇਡੀਓ ਅਤੇ ਵੱਖ ਵੱਖ ਇਲੈਕਟਰੌਨਿਕ ਚੈਨਲਾਂ ’ਤੇ ਖਾਸਕਰ ਦੂਰਦਰਸ਼ਨ ’ਤੇ ਪ੍ਰਸਾਰਿਤ ਕੀਤਾ ਜਾਵੇਗਾ। ************  ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਦੇ ਆਡੀਓ ਮੈਸਜ ਸੁਣਨ ਲਈ ਹੇਠ ਦਿੱਤਾ ਲਿੰਕ  ਕਲਿੱਕ ਕਰੋ ਜੀ ।