ਨੌਜਵਾਨ ਲੜਕੇ ਲੜਕੀਆਂ ਫਰੀ ਕੋਰਸ ਕਰਕੇ ਬਣਾਉਣ ਆਪਣਾ ਭਵਿੱਖ ਰੌਸ਼ਨ : ਏ ਡੀ ਸੀ ਕਤਿਆਲ

ਲੁਧਿਆਣਾ, 16 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼):ਆਈ ਆਈ ਏ ਈ ਐਜੂਕੇਸ਼ਨਲ ਸੁਸਾਈਟੀ ਵਲੋਂ ਅੱਜ ਆਪਣੇ ਫਿਰੋਜ਼ ਗਾਂਧੀ ਮਾਰਕਿਟ ਸਥਿਤ ਦਫਤਰ ਮੈਸਟਰੋ ਵਿੱਖੇ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁਖ ਮਹਿਮਾਨ ਵਜੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਨੀਰੂ ਕਤਿਆਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦੇ ਹੋਏ ਵਿਦਿਆਰਥੀਆਂ ਨੂੰ ਕਿਤਾਬਾ, ਸਰਕਾਰ ਵਲੋਂ ਜਾਰੀ ਕਿੱਟਾਂ ਅਤੇ ਅਨੇਕਾਂ ਵਿਦਿਆਰਥੀਆਂ ਨੂੰ ਨੌਕਰੀ ਲਈ ਆਫਰ ਲੈਟਰ ਵੀ ਤਕਸੀਮ ਕੀਤੇ। ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੈਡਮ ਨੀਰੂ ਕਤਿਆਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਨੌਜਵਾਨ ਲੜਕੇ ਅਤੇ ਲੜਕੀਆਂ ਲਈ ਵੱਖ ਵੱਖ ਸੈਂਟਰਾਂ ਰਾਹੀਂ ਵੱਖ ਵੱਖ ਕੋਰਸ ਕਰਵਾਏ ਜਾ ਰਹੇ ਹਨ, ਜਿਹੜੇ ਕਿ ਸਰਕਾਰ ਵਲੋਂ ਬਿਲਕੁਲ ਫਰੀ ਕਰਵਾਏ ਜਾਂਦੇ ਹਨ। ਉਨ੍ਹਾਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਅਪੀਲ ਕੀਤੀ ਕਿ ਲੁਧਿਆਣਾ ਵਿੱਚ ਸਰਕਾਰ ਵਲੋਂ ਵੱਖ ਵੱਖ ਸੈਂਟਰ ਖੋਲੇ ਗਏ ਹਨ ਜਿੱਥੋਂ ਹਰ ਵਿਦਿਆਰਥੀ ਫਰੀ ਸਿੱਖਿਆ ਲੈ ਸਕਦਾ ਹੈ ਅਤੇ ਆਪਣਾ ਭਵਿੱਖ ਰੌਸ਼ਨ ਕਰ ਸਕਦਾ ਹੈ। ਜਿਸ ਨਾਲ ਉਹ ਜਿੱਥੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਕਰ ਸਕਦਾ ਹੈ ਉੱਥੇ ਰੋਜਗਾਰ ਨਾਲ ਸੂਬੇ ਅਤੇ ਦੇਸ਼ ਨੂੰ ਵੀ ਆਰਥਿਕ ਪੱਧਰ ਤੇ ਮਜਬੂਤ  ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਲੜਕੇ/ਲੜਕੀਆਂ ਲਈ ਰੋਜਗਾਰ ਮੁਹਈਆ ਕਰਵਾਉਣਾ ਸਰਕਾਰ ਆਪਣਾ ਮੁੱਢਲਾ ਫਰਜ ਸਮਝਦੀ ਹੈ ਜਿਸ ਅਧੀਨ ਸਰਕਾਰ ਹਰ ਘਰ ਨੌਕਰੀ ਦਾ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਸੇ ਲੜੀ ਅਧੀਨ ਅੱਜ ਵੀ ਫਿਰੋਜਗਾਂਧੀ ਮਾਰਕਿਟ ਵਿੱਚ ਖੋਲੇ ਗਏ ਸੈਂਟਰ ਰਾਹੀਂ ਵਿਦਿਆਰਥੀਆਂ ਨੂੰ ਵੱਖ ਵੱਖ ਕੰਪਨੀਆਂ ਦੇ ਆਫਰ ਲੈਟਰ ਦਿੱਤੇ ਗਏ ਹਨ। ਇਸ ਦੌਰਾਨ ਸੁਸਾਈਟੀ ਦੇ ਪ੍ਰਬੰਧਕ ਅਤੇ ਸੈਂਟਰ ਦੇ ਐਮਡੀ ਬਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਲੁਧਿਆਣਾ ਦੇ ਨਾਲ ਨਾਲ ਪੰਜਾਬ ਭਰ ਦੇ ਵੱਖ ਵੱਖ ਸ਼ਹਿਰਾਂ ਜਲੰਧਰ, ਅਮਿ੍ਰਤਸਰ, ਰੋਪੜ, ਸ਼੍ਰੀ ਫਤਿਹਗੜ ਸਾਹਿਬ ਤੇ ਹੋਰਨਾਂ ਸ਼ਹਿਰਾਂ ਵਿੱਚ ਵੀ ਸੁਸਾਈਟੀ ਵਲੋਂ ਅਜਿਹੇ ਸੈਂਟਰ ਖੋਲੇ ਗਏ ਹਨ, ਜਿੱਥੇ ਸਰਕਾਰ ਦੇ ਸਹਿਯੋਗ ਨਾਲ ਨੌਜਵਾਨ ਲੜਕੇ ਅਤੇ ਲੜਕੀਆਂ ਲਈ ਨਰਸਿੰਗ, ਸਿਲਾਈ, ਸੋਲਰ ਪੈਨਲ, ਐਕਸਪੋਰਟ, ਰਿਟੇਲ ਟੀਮ ਲੀਡਰ, ਫੈਸ਼ਨ ਡਿਜਾਈਨਿੰਗ ਵਰਗੇ ਕਰੀਬ 9 ਕੋਰਸ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੋਰਸ ਬਿਲਕੁਲ ਫਰੀ ਕਰਵਾਏ ਜਾ ਰਹੇ ਹਨ ਅਤੇ ਅੱਜ ਤੱਕ ਅਨੇਕਾਂ ਵਿਦਿਆਰਥੀਆਂ ਨੇ ਇਹਨ੍ਹਾਂ ਕੋਰਸਾਂ ਰਾਹੀਂ ਸਿੱਖਿਆ ਲੈ ਕੇ ਵੱਖ ਵੱਖ ਖੇਤਰਾਂ ਵਿੱਚ ਆਪਣਾ ਭਵਿੱਖ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਅਨੇਕਾਂ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਕਿੱਟਾਂ ਵੰਡੀਆਂ ਗਈਆਂ ਜਦੋਂ ਕਿ ਅਨੇਕਾਂ ਵਿਦਿਆਰਥੀਆਂ ਨੂੰ ਵੱਖ ਵੱਖ ਨੌਕਰੀਆਂ ਲਈ ਆਫਰ ਲੈਟਰ ਵੀ ਦਿੱਤੇ ਗਏ। ਉਨ੍ਹਾਂ ਵਿਸਤਾਰ ਸਹਿਤ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਸੈਂਟਰਾਂ ਰਾਹੀਂ ਦਸਵੀਂ, ਬਾਹਰਵੀਂ ਜਮਾਤ ਜਾਂ ਇਸ ਤੋਂ ਉੱਪਰ  ਦੀ ਪੜਾਈ ਕਰ ਚੁੱਕੇ ਵਿਦਿਆਰਥੀ ਸਿੱਖਿਆ ਲੈ ਸਕਦੇ ਹਨ ਅਤੇ ਉਨ੍ਹਾਂ ਨੌਜਵਾਨ ਲੜਕੇ/ਲੜਕੀਆਂ ਨੂੰ ਵਰਧਮਾਨ, ਹੀਰੋ ਜਾਂ ਹੋਰਨਾਂ ਵੱਖ ਵੱਖ ਮਲਟੀਨੈਸ਼ਨਲ ਕੰਪਨੀਆਂ ਵਿੱਚ ਨੌਕਰੀ ਦੇ ਵੀ ਪ੍ਰਬੰਧ ਕਰ ਕੇ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸੈਂਟਰਾਂ ਵਿੱਚ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਵਜੀਫਾ ਵੀ ਦਿੱਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਸੈਂਟਰ ਪ੍ਰਬੰਧਕਾਂ ਵਲੋਂ ਵੱਖ ਵੱਖ ਹੌਬੀ ਕੋਰਸ ਵੀ ਕਰਵਾਏ ਜਾਂਦੇ ਹਨ। ਇਸ ਦੌਰਾਨ ਸੈਂਟਰ ਪ੍ਰਬੰਧਕਾਂ ਵਲੋਂ ਮੈਡਮ ਨੀਰੂ ਕਤਿਆਲ ਸਮੇਤ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸ਼ਾਮਲ ਹੋਏ ਵਿਦਿਆਰਥੀਆਂ ਨੇ ਏਡੀਸੀ ਮੈਡਮ ਨੀਰੂ ਕਤਿਆਲ, ਜਵਾਇੰਟ ਕਮਿਸ਼ਨਰ ਜੋਨ ਏ ਨਵਰਾਜ ਸਿੰਘ ਬਰਾੜ, ਪ੍ਰੋਗਰਾਮ ਅਧਿਕਾਰੀ ਵਿਜੇ ਸਿੰਘ ਨਾਲ ਵੱਖ ਵੱਖ ਕੋਰਸਾਂ ਅਤੇ ਸਰਕਾਰ ਵਲੋਂ ਜਾਰੀ ਹਿਦਾਇਤਾਂ ਸਮੇਤ ਸਰਕਾਰ ਵਲੋਂ ਵੱਖ ਵੱਖ ਖੇਤਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ਸਬੰਧੀ ਵੀ ਵਿਸਤਾਰ ਸਹਿਤ ਚਰਚਾ ਕੀਤੀ। ਇਸ ਮੌਕੇ ਤੇ ਸੁਸਾਈਟੀ ਦੇ ਸਰਪ੍ਰਸਤ ਅਤੇ ਸਮਾਜ ਸੇਵੀ ਗੌਰਵਜੀਤ ਸਿੰਘ ਦਿਉਲ ਨੇ ਆਏ ਮੁੱਖ ਮਹਿਮਾਨ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡਾ. ਗੁਰਬਿੰਦਰ ਸਿੰਘ, ਅਮਨਪ੍ਰੀਤ ਸਿੰਘ, ਮੈਡਮ ਬਲਬੀਰ ਕੌਰ ਸੈਣੀ, ਸਿਮਰਨਜੀਤ ਕੌਰ ਸੈਣੀ ਤੇ ਹੋਰ ਵੀ ਸ਼ਾਮਲ ਸਨ।