ਕਣਕ ਵੰਡਣ ਵਿੱਚ ਹੇਰਾ-ਫੇਰੀ ਲਈ ਡਿਪੂ ਹੋਲਡਰ ਅਤੇ ਸਰਪੰਚ ਸਮੇਤ ਦੋ ਹੋਰਨਾਂ ਖ਼ਿਲਾਫ਼ ਕੇਸ ਦਰਜ

ਚੰਡੀਗੜ•, 15 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਠਾਨਕੋਟ ਜ਼ਿਲੇ ਦੇ ਪਿੰਡ ਖਿਆਲਾ ਵਿਖੇ ਜਨਤਕ ਵੰਡ ਪ੍ਰਣਾਲੀ ਤਹਿਤ ਕਣਕ ਦੀ ਵੰਡ ਵਿੱਚ ਹੇਰਾ-ਫੇਰੀ ਕਰਨ ਦੇ ਦੋਸ਼ ਹੇਠ ਸਰਕਾਰੀ ਰਾਸ਼ਨ ਡਿਪੂ ਦੇ ਮਾਲਕ ਪਰਸ਼ੋਤਮ ਲਾਲ, ਉਸਦੀ ਪਤਨੀ ਸੋਨੀਆ, ਪਿੰਡ ਦੀ ਸਰਪੰਚ ਰਜਨੀ ਅਤੇ ਕਮੇਟੀ ਮੈਂਬਰ ਦਿਵਾਨ ਚੰਦ ਖਿਲਾਫ਼ ਫ਼ੌਜਦਾਰੀ ਕੇਸ ਦਰਜ ਕੀਤਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ, ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਠਾਨਕੋਟ ਜ਼ਿਲੇ ਦੇ ਪਿੰਡ ਖਿਆਲਾ ਵਿਖੇ ਰਾਸ਼ਨ ਡਿਪੂ ਚਲਾ ਰਹੇ ਪਰਸ਼ੋਤਮ ਲਾਲ ਨੂੰ ਬੀ.ਪੀ.ਐਲ. ਪਰਿਵਾਰਾਂ ਨੂੰ ਵੰਡਣ ਲਈ ਕਣਕ ਦਾ ਕੋਟਾ ਅਲਾਟ ਕੀਤਾ ਗਿਆ ਸੀ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਕੀਤੀ ਜਾਂਚ ਅਨੁਸਾਰ ਇਸ ਪਿੰਡ ਵਿੱਚ ਬੀ.ਪੀ.ਐਲ. ਪਰਿਵਾਰਾਂ ਨੂੰ ਜਾਰੀ 229 ਨੀਲੇ ਕਾਰਡਾਂ ਸਬੰਧੀ ਦਸੰਬਰ 2014 ਤੋਂ ਮਾਰਚ 2017 ਦੇ ਅਰਸੇ ਦੌਰਾਨ ਇਸ ਡਿਪੂ ਨੂੰ 138 ਕੁਇੰਟਲ ਕਣਕ ਅਲਾਟ ਕੀਤੀ ਗਈ ਸੀ।ਬੁਲਾਰੇ ਨੇ ਅੱਗੇ ਦੱਸਿਆ ਕਿ ਪਰਸ਼ੋਤਮ ਲਾਲ ਨੇ ਸਰਪੰਚ ਰਜਨੀ ਅਤੇ ਹੋਰਨਾਂ ਨਾਲ ਮਿਲੀਭੁਗਤ ਕਰਕੇ ਗਰੀਬ ਪਰਿਵਾਰਾਂ ਨੂੰ ਵੰਡਣ ਲਈ ਡਿਪੂ 'ਤੇ ਆਈ ਕਣਕ ਹੜੱਪ ਲਈ। ਇਹ ਕਣਕ ਪੰਜਾਬ ਸਰਕਾਰ ਵੱਲੋਂ ਲਾਗੂ ਜਨਤਕ ਵੰਡ ਪ੍ਰਣਾਲੀ ਸਕੀਮ ਤਹਿਤ ਲਾਭਪਾਤਰੀਆਂ ਨੂੰ ਨਹੀਂ ਵੰਡੀ ਗਈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਪੁਲੀਸ ਥਾਣਾ ਅੰਮ੍ਰਿਤਸਰ ਵਿਖੇ ਆਈ.ਪੀ.ਸੀ. ਦੀ ਧਾਰਾ 409, 420, 465, 467, 468, 471 ਅਤੇ 120-ਬੀ ਤਹਿਤ ਫ਼ੌਜਦਾਰੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ਾਂ ਦੀ ਪੜਤਾਲ ਲਈ ਅਗਲੇਰੀ ਜਾਂਚ ਜਾਰੀ ਹੈ।