ਅਕਾਲ ਪੁਰਖ ਕਲਜੁਗੀ ਜੀਵਾਂ ਦੇ ਸਾਰੇ ਗੁਨਾਹ ਬਖ਼ਸ਼ ਦਿੰਦਾ ਹੈ :ਬਾਬਾ ਗੁਰਦੀਪ ਸਿੰਘ, ਚੰਦ ਪੁਰਾਣਾ ਵਿਖੇ ਮਾਘੀ ਦਾ ਪਵਿੱਤਰ ਤਿਉਹਾਰ ਧੂਮ ਧਾਮ ਨਾਲ ਮਨਾਇਆ

ਬਾਘਾ ਪੁਰਾਣਾ ,14 ਜਨਵਰੀ (ਜਸ਼ਨ):- ਮਾਲਵੇ ਦੇ ਪ੍ਰਸਿੱਧ ਪਵਿੱਤਰ ਅਤੇ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਗ਼ਲ ਸਾਮਰਾਜ ਖ਼ਿਲਾਫ਼ ਆਖ਼ਰੀ ਤੇ ਨਿਰਣਾਇਕ ਯੁੱਧ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਚਾਲੀ ਸਿੰਘਾਂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ  । ਇਹ ਸਮਾਗਮ  ਸਥਾਨ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਦੇ ਉਦਮ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਗੀ  ਜੱਥੇ ਸੰਮਤ ਸਿੰਘ ਬਾਘਾ ਪੁਰਾਣਾ ,ਭਾਈ ਇਕਬਾਲ ਸਿੰਘ ਦੀ ਲੰਗੇਆਣ ਵਾਲੇ, ਭਾਈ ਹਮਦਰਦ ਸਿੰਘ ਕਵੀਸ਼ਰੀ ਜਥਾ ਸਾਹੋਕੇ, ਜਗਸੀਰ ਸਿੰਘ ਸੀਰਾ ਆਦਿ ਜਥਿਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ। ਉਪਰੰਤ ਸਜੇ ਧਾਰਮਿਕ ਦੀਵਾਨ ਨੂੰ ਪ੍ਰਵਚਨ ਕਰਦਿਆਂ ਬਾਬਾ ਗੁਰਦੀਪ ਸਿੰਘ ਜੀ ਨੇ ਆਖਿਆ  ਕਿ ਚਾਲੀ ਮੁਕਤੇ ਹਨ, ਜਿਨ੍ਹਾਂ ਨੇ ਧਰਮ ਲਈ ਕੁਰਬਾਨੀ ਦਿੱਤੀ ਤੇ ਹਰ ਰੋਜ਼ ਸਿੱਖ ਅਰਦਾਸ ਵਿਚ ਉਨ੍ਹਾਂ ਨੂੰ ਯਾਦ ਕਰਦੇ ਹਨ। ਇਨ੍ਹਾਂ ਚਾਲੀ ਮੁਕਤਿਆਂ ਦੀ ਪਾਵਨ ਧਰਤੀ ‘ਤੇ ਹੀ ਇਤਿਹਾਸਕ ਸ਼ਹਿਰ ਮੁਕਤਸਰ ਵਸਿਆ ਹੋਇਆ ਹੈ।ਉਨ੍ਹਾਂ ਆਖਿਆ ਕਿ ਪ੍ਰੇਮ ਨਾਲ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ ਪਰਮਾਤਮਾ ਸਭ ਜੀਵਾਂ ਨੂੰ ਬਖਸ਼ਣਹਾਰ ਹੈ ਟੁੱਟੀ ਗੰਢਣ ਵਾਲਾ ਹੈ ਅੱਜ ਇਸ ਮਾਤ ਲੋਕ ਤੇ ਜੀਵ ਨੂੰ ਉਸ ਦੇ ਦਰ ਅੱਗੇ ਨਤਮਸਤਕ ਹੋਣ ਦੀ ਲੋੜ ਹੈ ਪਰਮਾਤਮਾ ਉਸ ਦੇ ਸਾਰੇ ਗੁਨਾਹ ਬਖ਼ਸ਼ ਦਿੰਦਾ ਹੈ। ਉਨ੍ਹਾਂ ਆਖਿਆ ਕਿ ਗੁਰੂ ਦੀ ਬਾਣੀ ਜੀਵ ਦੇ ਸਾਰੇ ਬੰਧਨ ਕੱਟ ਦਿੰਦੀ ਹੈ ਆਓ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਸਿਮਰ ਕੇ ਲੋਕ ਅਤੇ ਪ੍ਰਲੋਕ ਨੂੰ ਸਫਲ ਕਰੀਏ ।ਇਸ ਮੌਕੇ  ਤਰਲੋਕ ਸਿੰਘ ਸਿੰਘਾਂਵਾਲਾ, ਬਿੱਲੂ ਸਿੰਘ, ਭਾਈ ਸੁੱਖਾ ਸਿੰਘ, ,ਅਮਰਜੀਤ ਸਿੰਘ ਸਿੰਘਾਂ ਵਾਲਾ,ਅਜਮੇਰ ਸਿੰਘ , ਨਿਰਮਲ ਸਿੰਘ ਡੇਅਰੀ ਵਾਲੇ ਜੀਤਾ ਸਿੰਘ ਜਨੇਰ , ਰਾਜੂ ਸਿੰਘ, ਨੀਲਾ ਸਿੰਘ ਸੂਬਾ ਸਿੰਘ, ਗੁਰਜੀਤ ਸਿੰਘ, ਬਲਦੇਵ ਸਿੰਘ,ਮੇਜਰ ਸਿੰਘ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਹੋਈਆਂ । ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਿਆ।