ਪਿੰਡ ਕਪੂਰੇ ਦਾ ਸੈਕੰਡਰੀ ਸਕੂਲ ਸਮਾਰਟ ਸਕੂਲ ਵਿੱਚ ਤਬਦੀਲ,80% ਤੋਂ ਉੱਪਰ ਨੰਬਰ ਹਾਸਲ ਕਰਨ ਵਾਲੇ ਸਿੱਖਿਆਰਥੀਆਂ ਨੂੰ ਐਨ.ਆਰ.ਆਈ. ਵੀਰਾ ਵੱਲੋਂ ਦਿੱਤੇ ਜਾਣਗੇ 10 ਹਜ਼ਾਰ ਦੇ ਨਗਦ ਇਨਾਮ

ਮੋਗਾ 14 ਜਨਵਰੀ(ਜਸ਼ਨ): ਸਿੱਖਿਆ ਵਿਭਾਗ ਦੇ ਮੁੱਖ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਵਧੀਆ ਪੜ੍ਹਾਈ ਦੇ ਪ੍ਰਬੰਧ ਬਣਾਉਣ ਅਤੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦੀ ਮੁਹਿੰਮ ਵਿੱਢੀ ਗਈ ਹੈ, ਇਸੇ ਹੀ ਲੜੀ ਤਹਿਤ ਪਿੰਡ ਕਪੂਰੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ  ਦੇ ਸਾਰੇ ਕਲਾਸ ਰੂਮਜ ਨੂੰ ਸਮਾਰਟ ਕਲਾਸ ਰੂਮਜ ਵਿੱਚ ਤਬਦੀਲ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਜਸਪਾਲ ਸਿੰਘ ਔਲਖ ਨੇ ਦੱਸਿਆ ਕਿ ਇਸ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਸਕੂਲ ਦੇ ਅਧਿਆਪਕਾਂ ਨੇ ਅਮਰ ਵੈੱਲਫੇਅਰ ਕਲੱਬ ਨਾਲ ਰਾਬਤਾ ਕਾਇਮ ਕੀਤਾ ਜਿਸਦੇ ਸਦਕਾ ਹੀ ਅੱਜ ਇਸਨੂੰ ਸਮਾਰਟ ਸਕੂਲ ਵਿੱਚ ਤਬਦੀਲ ਕਰਨ ਦਾ ਕੰਮ ਪੂਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਮੋਗਾ ਜ਼ਿਲ੍ਹੇ ਦਾ ਪਹਿਲਾ ਸਮਾਰਟ ਸਕੂਲ ਹੈ ਜਿਸ ਵਿੱਚ ਸਾਰੇ ਕਲਾਸ ਰੂਮਜ ਵਿੱਚ ਐਲ.ਈ.ਡੀ.ਜ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੀਨੀਅਰ ਸੈਕੰਡਰੀ ਸਕੂਲ ਕਪੂਰੇ ਵਿੱਚ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਸਮਾਰਟ ਸਕੂਲ ਦੇ ਉਦਘਾਟਨੀ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ, ਸਕੂਲ ਪਿ੍ਰੰਸੀਪਲ ਬਲਵਿੰਦਰ ਸਿੰਘ ਸੈਣੀ, ਅਮਰ ਵੇੈਲਫੇਅਰ ਕਲੱਬ ਦੇ ਸੇਵਾਦਾਰ ਸੋਹਣ ਸਿੰਘ, ਇਕਬਾਲ ਸਿੰਘ ਸ਼ਾਮਿਲ ਹੋਏ। ਇਸ ਮੌਕੇ ਪਿੰਡ ਦੇ ਭਰਵੇਂ ਇਕੱਠ ਨੂੰ ਸਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ ਨੇ ਕਿਹਾ ਕਿ ਮੈਂ ਸਮੁੱਚੇ ਨਗਰ ਵਾਸੀਆਂ ਅਤੇ ਪਿੰਡ ਦੇ ਐਨ ਆਰ ਆਈ ਵੀਰਾਂ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ  ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਬਹੁਤ ਵਧੀਆ ਬਣਾ ਕੇ ਅੱਜ ਪੰਜਾਬ ਦੇ ਸਾਰੇ ਸਕੂਲਾਂ ਵਿੱਚੋਂ ਸਭ ਤੋਂ ਮੋਹਰੀ ਸਕੂਲ ਬਣਾ ਕੇ ਵਿਕਸਿਤ ਕੀਤਾ ਹੈ। ਇਸ ਮੌਕੇ ਤੇ ਸਬੋਧਨ  ਕਰਦਿਆਂ ਅਮਰ ਵੈੱਲਫੇਅਰ ਕਲੱਬ ਦੇ ਮੁੱਖ ਸੇਵਾਦਾਰ ਸੋਹਣ ਸਿੰਘ ਨੇ ਕਿਹਾ ਕਿ ਅੱਜ ਸਕੂਲ ਦੇ ਸੱਤ ਕਮਰਿਆਂ ਵਿੱਚ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸੱਤ ਐਲ.ਈ.ਡੀ. ਲਗਾ ਕੇ ਕਮਰਿਆਂ ਨੂੰ ਸਮਾਰਟ ਕਲਾਸ ਰੂਮਾਂ ਵਿੱਚ ਤਬਦੀਲ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਮੈਂ ਸਮੁੱਚੇ ਨਗਰ ਅਤੇ ਪਿੰਡ ਦੇ ਆਰ ਆਈ ਵੀਰਾਂ ਦਾ ਤਹਿ ਦਿਲੋ ਸ਼ੁਕਰ ਅਦਾ ਕਰਦਾ ਹਾਂ। ਉਨ੍ਹਾਂ ਸਕੂਲ ਦੇ ਸਮੁੱਚੇ ਸਟਾਫ਼ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਸ ਸਕੂਲ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕੀਤਾ ਗਿਆ ਹੈ ਉਸੇ ਤਰ੍ਹਾਂ ਸਕੂਲ ਦਾ ਰਿਜ਼ਲਟ ਵੀ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਹੈ।  ਇਸ ਮੌਕੇ ਉਨ੍ਹਾਂ ਸਕੂਲ ਦੇ ਸਟਾਫ ਨੂੰ ਅਤੇ ਬੱਚਿਆਂ ਨੂੰ ਕਿਹਾ ਕਿ ਜੋ ਵਿਦਿਆਰਥੀ 80 ਤੋਂ ਉਪਰ ਨੰਬਰ ਲੈਣਗੇ ਉਨ੍ਹਾਂ ਨੂੰ  ਐਨ.ਆਰ ਆਈ ਵੀਰਾਂ ਵੱਲੋਂ ਦਸ ਹਜ਼ਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਕੂਲ ਜਿੱਥੇ ਪੰਜਾਬ ਵਿੱਚੋਂ ਸਭ ਤੋਂ ਮੋਹਰੀ ਹੈ ਉੱਥੇ ਪੜ੍ਹਾਈ ਵਿੱਚ ਵੀ ਮੋਹਰੀ ਹੋਣਾ ਜ਼ਰੂਰੀ ਹੈ ਇਸ ਮੌਕੇ ਪੰਚਾਇਤ ਵੱਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਇੱਕ ਐਲ ਈ ਡੀ ਦੇਣ ਦਾ ਵੀ ਐਲਾਨ ਕੀਤਾ।