ਜ਼ਿਲ੍ਹਾ ਮੋਗਾ ਨੂੰ ਸਵੱਛ ਭਾਰਤ ਮਿਸ਼ਨ ‘ਗ੍ਰਾਮੀਣ‘ ਅਧੀਨ ਮਿਲਿਆ ਨੈਸ਼ਨਲ ਐਵਾਰਡ

ਮੋਗਾ 14 ਜਨਵਰੀ (ਜਸ਼ਨ): ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਵਧੀਆ ਕਾਰਜ਼ਗੁਜਾਰੀ ਲਈ ਜਲ ਸ਼ਕਤੀ ਮੰਤਰਾਲਾ, ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਨੂੰ ਨੈਸ਼ਨਲ ਪੱਧਰ ਤੇ ਸਵੱਛਤਾ ਦਰਪਣ 2020 ਐਵਾਰਡ ਪ੍ਰਦਾਨ ਕੀਤਾ ਗਿਆ। ਇਹ ਐਵਾਰਡ ਸ਼੍ਰੀ ਸੰਦੀਪ ਹੰਸ, ਡਿਪਟੀ ਕਮਿਸ਼ਨਰ ਮੋਗਾ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ, ਜ਼ਿਲ੍ਹਾ ਸੈਨੀਟੇਸ਼ਨ ਅਫਸਰ-ਕਮ-ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਮੋਗਾ ਨੂੰ 12 ਜਨਵਰੀ 2020 ਨੂੰ ਨਵੀਂ ਦਿੱਲੀ ਵਿਖੇ ਹੋਏ ਸਮਾਗਮ ਦੌਰਾਨ  ਆਮਿਰ ਖਾਨ ਫਾਊਂਡੇਸ਼ਨ, ਪਾਣੀ ਫਾਊਂਡੇਸ਼ਨ, ਸ਼੍ਰੀ ਪਰਮੇਸ਼ਵਰਨ ਅਈਅਰ, ਸਕੱਤਰ ਡੀ.ਡਬਲਯੂ.ਐਸ.ਐਸ. ਅਤੇ ਅਰੁਣ ਬਰੋਕਾ, ਵਧੀਕ ਸਕੱਤਰ  ਡੀ.ਡਬਲਯੂ.ਐਸ.ਐਸ., ਮੰਤਰਾਲਾ ਜਲ ਸ਼ਕਤੀ, ਭਾਰਤ ਸਰਕਾਰ ਵੱਲੋਂ ਪ੍ਰਦਾਨ ਕੀਤਾ ਗਿਆ। ਜ਼ਿਲ੍ਹਾ ਮੋਗਾ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਵਧੀਆ ਕਾਰਜ਼ਗੁਜਾਰੀ ਦਿਖਾਉਣ ਵਾਲੇ ਭਾਰਤ ਦੇ 10 ਜਿਲ੍ਹਿਆਂ ਵਿੱਚ ਸ਼ਾਮਿਲ ਸੀ। ਇਸ ਮਿਸ਼ਨ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਜਾਗਰੂਕ ਕਰਕੇ ਪਿੰਡਾਂ ਦੀ ਓਪਨ ਡੈਫਾਕੇਸਲ ਫ੍ਰੀ (ਓ.ਡੀ.ਐਫ.) ਦੀ ਸਥਿਤੀ ਨੂੰ ਬਰਕਰਾਰ ਰੱਖਣਾ ਅਤੇ ਸੋਲਿਡ ਅਤੇ ਲਿਕੁਅਡ ਵੇਸਟ ਮੈਨੇਜਮੈਂਟ ਨੂੰ ਲਾਗੂ ਕਰਨਾ ਹੈ। ਸ਼੍ਰੀ ਪਰਮੇਸ਼ਵਰਨ ਅਈਅਰ, ਸਕੱਤਰ ਡੀ.ਡਬਲਯੂ.ਐਸ.ਐਸ. ਮੰਤਰਾਲਾ ਜਲ ਸ਼ਕਤੀ, ਭਾਰਤ ਸਰਕਾਰ ਨੇ ਮੌਕੇ ਤੇ ਆਏ ਹੋਏ ਰਾਜਾਂ ਦੇ ਪ੍ਰਤੀਨਿਧੀਆਂ ਨੂੰ ਉਨ੍ਹਾਂ ਵੱਲੋਂ ਸੈਨੀਟੇਸ਼ਨ ਦੇ ਸਬੰਧ ਵਿਚ ਕੀਤੇ ਗਏ ਸ਼ਲਾਘਾਯੋਗ ਕੰਮ ਅਤੇ ਯੋਗ ਅਗਵਾਈ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਮੁਹਿੰਮ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਮੋਗਾ ਜੀ ਵੱਲੋਂ ਇਸ ਮੁਹਿੰਮ ਨੂੰ ਬਰਕਰਾਰ ਰੱਖਣ ਸਬੰਧੀ ਯਕੀਨ ਦਿਵਾਇਆ ਗਿਆ ਅਤੇ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ  ਤਾਂ ਕਿ ਆਮ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।