ਪੰਜਾਬ ਪੈਨਸ਼ਨਰ ਯੂਨੀਅਨ ਇਕਾਈ ਦੀ ਮਹੀਨਵਾਰ ਮੀਟਿੰਗ ਹੋਈ

ਮੋਗਾ,12 ਜਨਵਰੀ (ਜਸ਼ਨ):ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਮਹੀਨਵਾਰ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਕਾ. ਸਤੀਸ਼ ਲੂੰਬਾ ਹਾਲ ਵਿੱਚ ਹੋਈ। ਮੀਟਿੰਗ ਵਿੱਚ ਪੈਨਸ਼ਨਰਾਂ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਦਿਆਂ ਸਾਰੇ ਹੀ ਸਾਥੀਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਇਹ ਸਰਕਾਰ ਬੇਯਕੀਨੀ ਸਰਕਾਰ ਹੈ। ਇਸ ਤੇ ਕੋਈ ਵੀ ਯਕੀਨ ਨਹੀਂ ਕੀਤਾ ਜਾ ਸਕਦਾ,ਕਿਉਂਕਿ ਇਹ ਵਾਰ-ਵਾਰ ਤਨਖਾਹ-ਕਮਿਸ਼ਨ ਲਾਗੂ ਕਰਨ ਦੀਆਂ ਤਾਰੀਕਾਂ ਬਦਲ ਰਹੀ ਹੈ। ਇਸ ਨੇ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ’ਤੇ ਦੇਸ਼ ਵਿੱਚ ਫੈਲ ਰਹੀ ਲਾ-ਕਾਨੂੰਨੀ ਬਾਰੇ ਚਿੰਤਾ ਪ੍ਰਗਟ ਕੀਤੀ ਗਈ। ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਯੂਨੀਅਨ ਦੇ ਜ.ਸਕੱਤਰ ਭੂਪਿੰਦਰ ਸਿੰਘ ਸੇਖੋਂ ਨੇ ਸਾਥੀ ਪੈਨਸ਼ਨਰਾਂ ਨੂੰ ਆਮਦਨ ਕਰ ਬਾਰੇ ਅਤੇ ਸਰਕਾਰ ਵੱਲੋਂ ਜਾਰੀ ਹੋਰ ਪੱਤਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਦੇਸ ਵਿੱਚ ਪੁਲਿਸ ਕਿਸੇ ਤੇ ਵੀ ਕੋਈ ਵੀ ਕੇਸ ਮੜ੍ਹ ਰਹੀ ਹੈ, ਆਮ ਲੋਕਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ, ਚਾਰੇ ਪਾਸੇ ਪੁਲਿਸ ਦਾ ਰਾਜ ਹੀ ਚੱਲ ਰਿਹਾ ਹੈ। ਜਿਸ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੀ ਜੇਐਨਯੂ ਯੂਨੀਵਰਸਿਟੀ ਅਤੇ ਹੋਰ ਵਿਸ਼ਵ ਵਿਦਿਆਲਿਆਂ ਵਿੱਚ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ, ਝੂਠ ਨੂੰ ਸੱਚ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪੀੜਤ ਵਿਦਿਆਰਥੀਆਂ ਉੱਪਰ ਹੀ ਕੇਸ ਦਰਜ਼ ਕੀਤੇ ਜਾ ਰਹੇ ਹਨ, ਇਸ ਤੋਂ ਸਾਬਤ ਹੋ ਰਿਹਾ ਹੈ ਕਿ ਸਾਡਾ ਦੇਸ਼ ਹੁਣ ਲੋਕਤੰਤਰ ਨਹੀਂ ਰਿਹਾ। ਇਥੇ ਵੀ ਫਾਸ਼ੀਵਾਦੀ ਤਾਕਤਾਂ ਸਿਰ ਚੁੱਕ ਲਿਆ ਹੈ ਅਤੇ ਹੁਣ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦੀਆਂ। ਪੁਲਿਸ ਅਤੇ ਫੌਜ ਦੇ ਸਿਰ’ਤੇ ਉਹ ਆਮ ਲੋਕਾਂ ਨੂੰ ਦਬਾਅ ਕੇ ਆਪਣਾ ਰਾਜ ਪੱਕਾ ਕਰ ਰਹੀਆਂ ਹਨ। ਲੋਕਾਂ ਨੂੰ ਰੋਜ਼ਗਾਰ ਦੇਣ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਬੇਰੋਜ਼ਗਾਰ ਲੋਕ ਖੁਦਕਸ਼ੀਆਂ ਕਰ ਰਹੇ ਹਨ, ਕਿਸਾਨਾਂ ਦੀ ਹਾਲਤ ਮਾੜੀ ਹੋ ਗਈ ਹੈ, ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ, ਵਿਦਿਆਰਥੀਆਂ ਤੋਂ ਫੀਸਾਂ ਵਿੱਚ ਵਾਧਾ ਕਰਕੇ ਸਿੱਖਿਆ ਲੈਣ ਦਾ ਹੱਕ ਖੋਹਿਆ ਜਾ ਰਿਹਾ ਹੈ। ਰਾਜ ਕਰਨ ਲਈ ਧਰਮ ਨੂੰ ਢਾਲ ਬਣਾਇਆ ਜਾ ਰਿਹਾ ਹੈ ਜਦਕਿ ਧਰਮ ਨਾਲ ਇਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ ਹੈ। ਇਸ ਮੌਕੇ ਸਾਥੀਆਂ ਨੇ ਕਿਹਾ ਕਿ ਲੋਕਾਂ, ਨੌਜਵਾਨਾਂ, ਕਿਸਾਨਾਂ ਮਜ਼ਦੂਰਾਂ ਨੂੰ ਤਾਂ ਪਹਿਲਾਂ ਰੋਟੀ ਚਾਹੀਦੀ ਹੈ ਫਿਰ ਚੰਗਾ ਭਵਿੱਖ ਜਿਸ ਵਿੱਚ ਉਨ੍ਹਾਂ ਦੇ ਬੱਚੇ ਸੁਖ ਦਾ ਸਾਹ ਲੈ ਸਕਣ। ਪਰ ਇਹ ਤਾਂ ਸਾਰੇ ਹੀ ਲੁੱਟਣ ਤੇ ਹੋਏ ਪਏ ਹਨ। ਸਰਕਾਰਾਂ ਵਿੱਚ ਸ਼ਾਮਲ ਲੋਕ ਆਪਣੀਆਂ ਹੀ ਜੇਬਾਂ ਭਰਨ ਤੇ ਲੱਗੇ ਹੋਏ ਹਨ। ਲੋਕਾਂ ਨੂੰ ਤਾਂ ਸਿਰਫ਼ ਲਾਰੇ ਹੀ ਮਿਲ ਰਹੇ ਹਨ। ਚਿੰਤਾ ਦੇ ਨਾਲ ਨਾਲ ਸਾਥੀਆਂ ਨੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਵਿਰੁੱਧ ਜ਼ੋਰਦਾਰ ਸੰਘਰਸ਼ ਲੜਨ ਲਈ ਤਿਆਰ ਰਹਿਣ ਦਾ ਅਹਿਦ ਵੀ ਲਿਆ। ਇਸ ਮੀਟਿੰਗ ਉਪਰੰਤ 70, 75 ਸਾਲ ਦੀ ਉਮਰ ਪੂਰੀ ਕਰ ਚੁੱਕੇ ਅਤੇ ਲਗਾਤਾਰ ਯੂਨੀਅਨ ਵਿੱਚ ਸਰਗਰਮ ਰਹੇ ਸਾਥੀਆ ਰਾਜਿੰਦਰ ਸਿੰਘ ਪਟਵਾਰੀ, ਬਲਬੀਰ ਸਿੰਘ ਰਾਮੂੰਵਾਲਾ ਅਤੇ ਨਛੱਤਰ ਸਿੰਘ ਨੂੰ ਮੋਮੈਂਟੋ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ’ਤੇ ਸਾਥੀ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂ. ਦੇ ਸੂਬਾਈ ਜ.ਸਕੱਤਰ ਜਗਦੀਸ਼ ਸਿੰਘ ਚਾਹਲ, ਬਚਿੱਤਰ ਸਿੰਘ ਧੋਥੜ, ਪੋਹਲਾ ਸਿੰਘ ਬਰਾੜ, ਸੱਤਪਾਲ ਸ਼ਰਮਾ, ਉਂਕਾਰ ਸਿੰਘ, ਬਲਵਿੰਦਰ ਸਿੰਘ ਘੋਲੀਆ, ਮੱਘਰ ਸਿੰਘ, ਪ੍ਰੇਮ ਕੁਮਾਰ, ਗਿਆਨ ਸਿੰਘ ਮਾਛੀਕੇ ਆਦਿ ਸ਼ਾਮਲ ਸਨ।