ਨੇਕ ਦਿਲ ਇਨਸਾਨ, ਬਲਜੀਤ ਸਿੰਘ ਨੈਸਲੇ ਨਮਿੱਤ, ਅੰਤਿਮ ਅਰਦਾਸ 12 ਜਨਵਰੀ, ਐਤਵਾਰ ਨੂੰ

ਮੋਗਾ,11 ਜਨਵਰੀ (ਤੇਜਿੰਦਰ ਸਿੰਘ ਜਸ਼ਨ): ਇਸ ਫ਼ਾਨੀ ਦੁਨੀਆਂ ਤੋਂ ਬੇਸ਼ੱਕ ਹਰ ਕਿਸੇ ਨੇ ਰੁਖ਼ਸਤ ਹੋ ਜਾਣਾ ਹੈ ਪਰ ਅਜਿਹੀਆਂ ਵਿਲੱਖਣ ਸ਼ਖਸੀਅਤਾਂ ਵੀ ਇਸ ਦੁਨੀਆਂ ’ਤੇ ਆਉਂਦੀਆਂ ਨੇ , ਜਿਹਨਾਂ ਦੇ ਜਾਣ ’ਤੇ ਕਾਇਨਾਤ ਵੀ ਵੱਡਾ ਹਉਕਾ ਲੈਂਦੀ ਹੈ। ਅਜਿਹੇ ਹੀ ਨੇਕ ਦਿਲ ਇਨਸਾਨ ਸਨ ਸ. ਬਲਜੀਤ ਸਿੰਘ ਨੈਸਲੇ ਜਿਹਨਾਂ ਦੇ ਬੇਵਕਤ ਜਾਣ ’ਤੇ ਨਾ ਸਿਰਫ਼ ਹਰ ਅੱਖ ਨਮ ਹੋਈ ਬਲਕਿ ਉਹਨਾਂ ਦੀਆਂ ਗੱਲਾਂ ਕਰਕੇ ਅੱਜ ਵੀ ਲੋਕਾਂ ਦਾ ਗੱਚ ਭਰ ਆਉਂਦੈ । 

        ਬਲਜੀਤ ਸਿੰਘ ਨੈਸਲੇ ਦਾ ਜਨਮ 2 ਅਗਸਤ 1965 ਨੂੰ ਪਿਤਾ ਦਰਸ਼ਨ ਸਿੰਘ ਦੇ ਗ੍ਰਹਿ ਮਾਤਾ ਸਵਰਨ ਕੌਰ ਦੀ ਕੁੱਖੋਂ ਸੋਢੀ ਨਗਰ ਮੋਗਾ ਵਿਖੇ ਹੋਇਆ ਸੀ। ਤਿੰਨ ਭੈਣਾਂ ਦੋ ਭਰਾਵਾਂ ਵਿਚੋਂ ਵੱਡੇ ਬਲਜੀਤ ਸਿੰਘ ਨੇ ਮੁੱਢਲੀ ਸਿੱਖਿਆ ਮਿਸ਼ਨ ਸਕੂਲ ਮੋਗਾ ਤੋਂ ਪ੍ਰਾਪਤ ਕਰਨ ਉਪਰੰਤ ਉਚੇਰੀ ਸਿੱਖਿਆ ਐਸ.ਡੀ. ਸਕੂਲ ਮੋਗਾ ਤੋਂ ਪ੍ਰਾਪਤ ਕਰ ਕੇ ਗਰੈਜੂਏਸ਼ਨ ਕਰਨ ਉਪਰੰਤ ਨੈਸਲੇ ਕੰਪਨੀ ‘ਚ ਨੌਕਰੀ ਪ੍ਰਾਪਤ ਕੀਤੀ । ਇਨ੍ਹਾਂ ਦਾ ਵਿਆਹ 1990 ਵਿਚ ਰੁਪਿੰਦਰ ਕੌਰ (ਪੁੱਤਰੀ ਕੁੰਦਨ ਲਾਲ ਝੰਜੀ ਸਰਪੰਚ, ਮਾਤਾ ਸੀਤਾ ਰਾਣੀ) ਵਾਸੀ ਝੰਜੀਆਂ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਹੋਇਆ। ਇਨ੍ਹਾਂ ਦੇ ਘਰ ਦੋ ਸਪੁੱਤਰਾਂ ਕਿਰਨਦੀਪ ਸਿੰਘ ਬਾਂਹਬਾ ਅਤੇ ਲਵਪ੍ਰੀਤ ਸਿੰਘ ਬਾਂਹਬਾ ਨੇ ਜਨਮ ਲਿਆ ਜੋ ਹੁਣ ਕੈਨੇਡਾ ਵਿਖੇ ਕਾਰੋਬਾਰੀਆਂ ਦੇ ਤੌਰ ’ਤੇ ਸਥਾਪਿਤ ਹਨ।

          ਬਲਜੀਤ ਸਿੰਘ ਨੈਸਲੇ ਐਗਰੀ ਸਰਵਿਸਿਜ਼ ਡਿਪਾਰਟਮੈਂਟ ਨੈਸਲੇ ਮੋਗਾ ਵਿਖੇ ਸੀਨੀਅਰ ਗਰੇਡਿਡ ਸਟਾਫ਼ ਦੇ ਅਹੁਦੇ ’ਤੇ ਡਿਊਟੀ ਨਿਭਾਉਣ ਦੇ ਨਾਲ ਨਾਲ ਸਾਲਾਸਰ ਧਾਮ ,ਸ਼ਹਿਰ ਦੀਆਂ ਗਊਸ਼ਾਲਾਵਾਂ ਅਤੇ ਅਨੇਕਾਂ ਜਥੇਬੰਦੀਆਂ ਨਾਲ ਜੁੜੇ ਹੋਏ ਸਨ । ਉਹਨਾਂ ਨਾ ਸਿਰਫ਼ ਨਿੱਜੀ ਤੌਰ ’ਤੇ ਦਿਲ ਖੋਲ੍ਹ ਕੇ ਦਾਨ ਕੀਤਾ ਬਲਕਿ ਇਹਨਾਂ ਜਥੇਬੰਦੀਆਂ ‘ਚ ਸਰਗਰਮ ਭੂਮਿਕਾ ਨਿਭਾਉਂਦਿਆਂ ,ਸਮਾਜ ਸੇਵੀ ਵਜੋਂ ਆਪਣੀ ਪਛਾਣ ਬਣਾਈ। ਨੈਸਲੇ ਕਰਮਚਾਰੀਆਂ ਦੇ ਹੱਕਾਂ ਲਈ ਵੀ ਉਹ ਹਮੇਸ਼ਾ ਸਰਗਰਮ ਰਹੇ। ਨੈਸਲੇ ਦੇ ਸੀਨੀਅਰ ਸਟਾਫ਼ ਦੇ ਮੈਂਬਰ ਵਜੋਂ ਉਹਨਾਂ ਸਮਰਪਿਤ ਹੋ ਕੇ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਜਿਸ ਕਰਕੇ ਅੱਜ ਵੀ ਨੈਸਲੇ ਦੀ ਮੈਨੇਜਮੈਂਟ ਅਤੇ ਨੈਸਲੇ ਇੰਪਲਾਈਜ਼ ਯੂਨੀਅਨ ਭਾਵੁਕਤਾ ਨਾਲ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੀ ਹੈ । 
          ਆਪਣੇ ਪੰਜਾਬ ਲਈ ਬਲਜੀਤ ਸਿੰਘ ਦਾ ਪਿਆਰ ਉਸ ਸਮੇਂ ਨਜ਼ਰ ਆਇਆ ਜਦੋਂ ਉਹ ਆਪਣੇ ਦੋਨਾਂ ਪੁੱਤਰਾਂ ਅਤੇ ਆਪਣੇ ਭਰਾ ਭਜਨ ਸਿੰਘ ਪਰਿਵਾਰਾਂ ਨੂੰ ਮਿਲਣ ਵਾਸਤੇ ਕਨੇਡਾ ਗਏ ਪਰ ਥੋੜੇ ਦਿਨਾਂ ਬਾਅਦ ਹੀ ਉਹਨਾਂ ਕਨੇਡਾ ਤੋਂ ਵਾਪਸ ਪਰਤਣ ਦਾ ਮਨ ਬਣਾ ਲਿਆ ਤੇ ਆਖਿਆ ਕਿ ‘‘ ਮੇਰਾ ਪੰਜਾਬ ਹੀ ਸਭ ਤੋਂ ਨਿਆਰਾ ਵੀ ਹੈ ਤੇ ਪਿਆਰਾ ਵੀ ਹੈ’’ । ਇਸੇ ਪੰਜਾਬੀ ਅਪਣਤ ਸਦਕਾ ਉਹਨਾਂ ਨਾ ਸਿਰਫ਼ ਆਪਣੇ ਭੈਣਾਂ ਭਰਾਵਾਂ ਅਤੇ ਸਮੁੱਚੇ ਰਿਸ਼ਤੇਦਾਰਾਂ ‘ਚ ਹਮਸਾਇਆਂ ਵਾਲੀ ਪਹਿਚਾਣ ਬਣਾਈ ਬਲਕਿ ਆਮ ਲੋਕ ਵੀ ਬਲਜੀਤ ਸਿੰਘ ਨੂੰ ‘‘ਯਾਰਾਂ ਦੇ ਯਾਰ ’’ ਵਜੋਂ ਯਾਦ ਕਰਕੇ ਅੱਜ ਵੀ ਅੱਖਾਂ ਭਰ ਆਉਂਦੇ ਨੇ। ਇਹ ਬਲਜੀਤ ਸਿੰਘ ਦਾ ਹੀ ਸਾਊ ਸੁਭਾਅ ਸੀ ਕਿ ਸੰਯੁਕਤ ਪਰਿਵਾਰ ਵਿਚ ਵਿਚਰਦਿਆਂ ਉਹਨਾਂ ਆਪਣੇ ਆਖਰੀ ਸਾਹਾਂ ਤੱਕ ਆਪਣੇ ਮਾਂ ਪਿਓ ਦੀ ਸੇਵਾ ਸਰਵਣ ਪੁੱਤਰ ਵਾਂਗ ਕੀਤੀ । 
        ਦਰਿਆਦਿਲ ਇਨਸਾਨ ਬਲਜੀਤ ਸਿੰਘ ਨੇ ਸਮਾਜ ਦੀਆਂ ਕੁਰੀਤੀਆਂ ਨੂੰ ਦਰਕਿਨਾਰ ਕਰਦਿਆਂ ਆਪਣੇ ਦੋਨਾਂ ਪੁੱਤਰਾਂ ਦੇ ਵਿਆਹ ਬਿਨਾਂ ਕਿਸੇ ਦਾਜ ਦਹੇਜ ਦੇ ਕਰਦਿਆਂ ਆਪਣੀਆਂ ਨੂੰਹਾਂ ਨੂੰ ਧੀਆਂ ਤੋਂ ਵੱਧ ਪਿਆਰ ਦੇ ਕੇ ਮਨੁੱਖਤਾ ਨੂੰ ਪ੍ਰਣਾਏ ਬੀਬੇ ਇਨਸਾਨ ਹੋਣ ਦਾ ਸਬੂਤ ਦਿੱਤਾ। 
ਬਲਜੀਤ ਸਿੰਘ ਸੰਖੇਪ ਬੀਮਾਰੀ ਉਪਰੰਤ 5 ਜਨਵਰੀ ਨੂੰ ਪਰਿਵਾਰ ਨੂੰ ਵਿਛੋੜਾ ਦੇ ਗਏ ਜਿਸ ਨਾਲ ਉਹਨਾਂ ਦੇ ਮਾਤਾ ਪਿਤਾ ,ਪਤਨੀ ਅਤੇ ਭੈਣ ਭਰਾਵਾਂ ਨੂੰ ਤਾਂ ਸਦਮਾ ਲੱਗਾ ਹੀ ਸਗੋਂ ਸਮਾਜ ਦੇ ਹਰ ਵਰਗ ਨੇ ਇਹ ਮਹਿਸੂਸ ਕੀਤਾ ਕਿ ਅਜਿਹੇ ਨੇਕ ਇਨਸਾਨ ਦਾ ਘਾਟਾ ਸ਼ਾਇਦ ਕਦੇ ਵੀ ਪੂਰਾ ਨਾ ਹੋਵੇ। 
      ਸ. ਬਲਜੀਤ ਸਿੰਘ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਅੰਤਿਮ ਅਰਦਾਸ, ਕੀਰਤਨ ਅਤੇ ਸ਼ਰਧਾਂਜਲੀ ਸਮਾਗਮ 12 ਜਨਵਰੀ ਐਤਵਾਰ ਨੂੰ ਗੁਰਦੁਆਰਾ ਗੋਬਿੰਦਸਰ ਸਾਹਿਬ ,ਈਸ਼ਰ ਸਿੰਘ ਨਗਰ , ਚੱਕੀ ਵਾਲੀ ਗਲੀ ਮੋਗਾ ਵਿਖੇ 12 ਵਜੇ ਤੋਂ 1 ਵਜੇ ਤੱਕ ਹੋਣਗੇ ਜਿੱਥੇ ਸਮੂਹ ਸ਼ਹਿਰ ਨਿਵਾਸੀ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ