ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਦੇ ਵਾਈਸ ਚੇਅਰਮੈਨ ਸ. ਮੱਖਣ ਸਿੰਘ ਸੁਖਾਨੰਦ ਨਮਿੱਤ ਪਾਠਾਂ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਅੱਜ 29 ਦਸੰਬਰ ਨੂੰ

ਸੁਖਾਨੰਦ ,28 ਦਸੰਬਰ (ਤੇਜਿੰਦਰ ਸਿੰਘ ਜਸ਼ਨ): ਮੋਗਾ ਜ਼ਿਲ੍ਹੇ ਦੀ ਨਾਮਵਰ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਦੇ ਵਾਈਸ ਚੇਅਰਮੈਨ ਸ. ਮੱਖਣ ਸਿੰਘ ਸੁਖਾਨੰਦ ਜੋ ਪਿਛਲੇ ਦਿਨੀਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ,ਉਹਨਾਂ ਨਮਿੱਤ ਪਾਠਾਂ ਦੇ ਭੋਗ ਅੱਜ 29 ਦਸੰਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਡੇਰਾ ਭੋਰੇ ਵਾਲਾ,ਪਿੰਡ ਸੁਖਾਨੰਦ,ਜ਼ਿਲ੍ਹਾ ਮੋਗਾ ਵਿਖੇ ਪਾਏ ਜਾਣਗੇ। ਸ. ਮੱਖਣ ਸਿੰਘ ਨੇ ਤਮਾਮ ਉਮਰ ਸਿੱਖਿਆ ਦੇ ਖੇਤਰ ਵਿਚ ਦਿ੍ਰੜਤਾ ਨਾਲ ਅਗਵਾਈ ਕਰਦਿਆਂ ਲੜਕੀਆਂ ਨੂੰ ਸਿੱਖਿਅਤ ਕਰਨ ਦਾ ਸਫ਼ਲ ਯਤਨ ਕੀਤਾ। ਸੰਤ ਬਾਬਾ ਭਾਗ ਸਿੰਘ ਅਤੇ ਉਹਨਾਂ ਤੋਂ ਵਰੋਸਾਏ ਸੰਤ ਬਾਬਾ ਹਜ਼ੂਰਾ ਸਿੰਘ ਦੇ ਸੁਪਨੇ ,ਲੜਕੀਆਂ ਨੂੰ ਸਿੱਖਿਅਤ ਕਰਨ ਵਾਸਤੇ ਅਣਥੱਕ ਯਤਨ ਕਰਨ ਵਾਲੇ ਸ. ਮੱਖਣ ਸਿੰਘ ਦੇ ਵਿਚਾਰਾਂ ਤੋਂ ਹਰ ਵਿਅਕਤੀ ਪ੍ਰਭਾਵਿਤ ਹੁੰਦਾ ਸੀ । ਉਹ ਹਮੇਸ਼ਾ ਆਖਿਆ ਕਰਦੇ ਸਨ ਕਿ ਸੇਵਾ ਅਤੇ ਤਿਆਗ ਜ਼ਿੰਦਗੀ ਦੇ ਦੋ ਅਜਿਹੇ ਪਹਿਲੂ ਹਨ ਜਿਹਨਾਂ ਸਦਕਾ ਅਸੀਂ ਸਮਾਜ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕਦੇ ਹਾਂ । ਉਹ ਆਖਦੇ ਸਨ ਕਿ ਸਮਾਜ ਸਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦਾ ਹੈ ਅਤੇ ਜਦੋਂ ਅਸੀਂ ਨਿੱਜੀ ਲੋੜਾਂ ਤੋਂ ਉੱਪਰ ਉੱਠ ਕੇ ਸਮਰਪਣ ਦੀ ਭਾਵਨਾ ਨਾਲ ਸੇਵਾ ਨਿਭਾਉਂਦੇ ਹਾਂ, ਤਾਂ ਮਨੁੱਖ ਤੋਂ ਇਨਸਾਨ ਬਣਨ ਦਾ ਸਫ਼ਰ ਤੈਅ ਕਰ ਰਹੇ ਹੁੰਦੇ ਹਾਂ । ਸੱਚਮੁੱਚ ਸ. ਮੱਖਣ ਸਿੰਘ ਅਜਿਹੇ ਮਨੁੱਖ ਸਨ ਜਿਹਨਾਂ ਨੇ ਹਜ਼ਾਰਾਂ ਲੜਕੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਇਨਸਾਨੀਅਤ ਵਾਲੇ ਫਰਜ਼ਾਂ ਦੀ ਪੂਰਤੀ ਕੀਤੀ । ਸ. ਮੱਖਣ ਸਿੰਘ , ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਅਤੇ ਸਕੂਲ ਦੇ ਰੂਹੇ ਰਵਾਂਅ ਸਨ । ਉਹਨਾਂ ਤੋਂ ਬਗੈਰ ਇਹਨਾਂ ਸੰਸਥਾਵਾਂ ਦੀ ਹੋਂਦ ਹੀ ਚਿਤਵੀ ਨਹੀਂ ਜਾ ਸਕਦੀ ਸੀ । ਸ. ਮੱਖਣ ਸਿੰਘ ਦੇ ਜਾਣ ਨਾਲ ਪੈਦਾ ਹੋਏ ਖਲਾਅ ਨੂੰ ਭਰਨ ਲਈ ਸੰਸਥਾਵਾਂ ਦੀ ਮੈਨੇਜਮੈਂਟ , ਸਮੁੱਚੇ ਸਟਾਫ਼ ਅਤੇ ਖੁਦ ਵਿਦਿਆਰਥਣਾਂ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ ਤਾਂ ਕਿ ਸ. ਮੱਖਣ ਸਿੰਘ ਦੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਿਆ ਜਾ ਸਕੇ।    ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ