ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵੀਂ ਰਾਜ ਸਕੂਲੀ ਸਿੱਖਿਆ ਨੀਤੀ ਸਬੰਧੀ ਵਿਚਾਰ-ਚਰਚਾ ਸੈਮੀਨਾਰ

ਐੱਸ ਏ ਐੱਸ ਨਗਰ 27 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ -32 ਚੰਡੀਗੜ੍ਹ ਵਿਖੇ ਪੰਜਾਬ ਸਟੇਟ ਸਕੂਲ ਸਿੱਖਿਆ ਨੀਤੀ ਸਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੁਹੰਮਦ ਤਾਇਆਬ ਵੱਲੋਂ ਸਿੱਖਿਆ ਨੀਤੀ ਦੀ ਨਿਰਮਾਣ ਕਮੇਟੀ ਅਤੇ ਸੈਮੀਨਾਰ ਵਿੱਚ ਹਿੱਸਾ ਲੈਣ ਵਾਲੇ ਸਿੱਖਿਅਾ ਮਾਹਿਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਗਿਆ।ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਮੀਨਾਰ ਵਿੱਚ ਨਾਮੀ ਸੰਸਥਾਵਾਂ ਤੋਂ ਸਿੱਖਿਆ ਸ਼ਾਸ਼ਤਰੀਆਂ , ਪ੍ਰੋਫ਼ੈਸਰਾਂ, ਅਧਿਆਪਕਾਂ , ਡਾਈਟ ਪ੍ਰਿੰਸੀਪਲਾਂ ਅਤੇ  ਵਿਦਿਆਰਥੀਆਂ ਅਤੇ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ। ਉਹਨਾਂ ਕਿਹਾ ਕਿ ਇਸ ਸੈਮੀਨਾਰ ਵਿੱਚ ਸਮਾਜ ਦੇ ਲਗਪਗ ਹਰ ਵਰਗ ਦੇ ਦਾਅਵੇਦਾਰਾਂ ਵੱਲੋਂ ਅਰਥਪੂਰਨ ਸੁਝਾਅ ਦਿੱਤੇ ਗਏ ਹਨ, ਜੋ ਨਵੀਂ ਸਿੱਖਿਆ ਨੀਤੀ ਦੇ ਹਰ ਪੱਖ ਤੋਂ ਗੁਣਵੱਤਾ ਭਰਪੂਰ ਅਤੇ ਸਿੱਖਿਆ ਲਈ ਲਾਹੇਵੰਦ ਹੋਣ ਵਿੱਚ ਮਦਦਗਾਰ ਸਿੱਧ ਹੋਣਗੇ।ਸੈਮੀਨਾਰ ਦੀ ਸ਼ੁਰੂਆਤ ਡਾ. ਬੀ.ਐੱਸ.ਘੁੰਮਣ ੳੁਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪੰਜਾਬ ਸਟੇਟ ਸਕੂਲ ਸਿੱਖਿਆ ਨੀਤੀ ਦੇ ਤਿਆਰ ਕੀਤੇ ਜਾ ਰਹੇ ਖਰੜੇ ਦੀ ਪੇਸ਼ਕਾਰੀ ਕੀਤੀ ਗਈ। ਜਿਸ ਵਿੱਚ ਪੰਜਾਬ ਦੀ ਪ੍ਰੀ-ਪ੍ਰਾਇਮਰੀ ਸਿੱਖਿਆ ਤੋਂ ਹਾਇਰ ਸੈਕੰਡਰੀ ਸਿੱਖਿਆ ਤੱਕ ਵਿਦਿਆਰਥੀਆਂ ਦੀਆਂ ਸਿੱਖਣ ਲੋੜਾਂ, ਉੱਚ ਸਿੱਖਣ ਪਰਿਣਾਮਾਂ, ਨੈਤਿਕ ਸਿੱਖਿਆ ਦੀ ਲੋੜ, ਪਾਠਕ੍ਰਮ, ਮੁਲਾਂਕਣ, ਸਿੱਖਿਆ ਵਿੱਚ ਸਮਾਜ ਅਤੇ ਨਿੱਜੀ ਸੰਸਥਾਵਾਂ ਦੇ ਯੋਗਦਾਨ, ਸੁਚੱਜੇ ਸਕੂਲ ਪ੍ਰਬੰਧ ਅਤੇ ਸਕੂਲਾਂ ਦੇ ਲੋੜੀਂਦੇ ਬੁਨਿਆਦੀ ਢਾਂਚੇ ਦੇ ਪੱਖਾਂ 'ਤੇ ਚਾਨਣਾ ਪਾਇਆ ਗਿਆ।ਇਸ ਮੌਕੇ ਸਟੇਟ ਸਕੂਲ ਸਿੱਖਿਆ ਨੀਤੀ ਸਬੰਧੀ ਮੁਹੰਮਦ ਤਾਇਅਬ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਇੰਦਰਜੀਤ ਸਿੰਘ ਡੀਪੀਆਈ ਅੈਲੀਮੈਂਟਰੀ-ਕਮ-ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੀ੍ਸ਼ਦ ਪੰਜਾਬ ਅਤੇ ਕਮੇਟੀ ਮੈਂਬਰਾਂ ਜਿਨ੍ਹਾਂ ਵਿੱਚ ਸੁੱਚਾ ਸਿੰਘ ਖਟੜਾ, ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਵੀ ਅਾਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ|ਇਸ ਤੋਂ ਬਾਅਦ ਵੱਖ-ਵੱਖ ਸਿੱਖਿਆ ਮਾਹਿਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਿੱਖਿਆ ਨੀਤੀ ਸਬੰਧੀ ਆਪਣੇ-ਆਪਣੇ ਸੁਝਾਵ ਦਿੱਤੇ ਗਏ ਜਿਨ੍ਹਾਂ ਵਿੱਚ ਜੇ.ਕੇ.ਸਿੰਘ (ਸਾਬਕਾ ਡੀ ਜੀ ਐੱਸ ਈ), ਉੱਘੀ ਸਾਇੰਸ ਸੰਸਥਾ ਆਈਸਰ ਤੋਂ ਡਾ. ਅਰਵਿੰਦ , ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰਜੀਤ ਲੀ, ਰੀਜ਼ਨਲ ਇੰਸਟੀਚਿਊਟ ਬਠਿੰਡਾ ਤੋਂ ਪ੍ਰੋਫੈਸਰ ਕਮਲਜੀਤ ਸਿੰਘ , ਸਾਇੰਸ ਸਿਟੀ ਕਪੂਰਥਲਾ ਤੋਂ ਡਾਇਰੈਕਟਰ ਜਨਰਲ ਨੀਲਿਮਾ ਜੇਰਥ ਅਤੇ ਹੋਰ ਨਾਮਵਰ ਸਖ਼ਸ਼ੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੀ੍ਸ਼ਦ ਪੰਜਾਬ ਵੱਲੋਂ ਸੈਮੀਨਾਰ ਵਿੱਚ ਸ਼ਿਰਕਤ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਡਾ. ਸਰਕਾਰੀਆ ਵੱਲੋਂ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ ਗਈ।