ਡਾ. ਰਜਿੰਦਰ ਕੌਰ ਕਮਲ ਦੀ ਅਗਵਾਈ ‘ਚ ‘ਮਾਈ ਮੋਗਾ ਵੈੱਲਫੇਅਰ ਸੁਸਾਇਟੀ’ ਨੇ ਹੜ੍ਹ ਪੀੜਤਾਂ ਨੂੰ ਵੰਡੇ ਸ਼ਾਲ ਅਤੇ ਲੋਈਆਂ

Tags: 

ਮੋਗਾ,26 ਦਸੰਬਰ (ਜਸ਼ਨ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਪ੍ਰਤੀ ਜਿੱਥੇ ਸਮੂਹ ਪੰਜਾਬੀ ਕੌਮ ਨਤਮਸਤਕ ਹੋ ਰਹੀ ਹੈ ਉੱਥੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਹਨ । ਇਸੇ ਤਰਾਂ ਦਾ ਸਾਦਾ ਸਮਾਗਮ ਮੋਗਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਸੰਘੇੜਾ ਵਿਖੇ ਕਰਵਾਇਆ ਗਿਆ ਜਿੱਥੇ ਕੱਚੇ ਘਰਾਂ ਵਿੱਚ ਰਹਿਣ ਲਈ ਮਜਬੂਰ ਲੋਕਾਂ ਨੂੰ ਠੰਡ ਤੋਂ ਬਚਣ ਲਈ ਸ਼ਾਲ ਵੰਡੇ ਗਏ। ਇਹ ਸਮਾਗਮ ਮਾਈ ਮੋਗਾ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ।  ਸਰਦੀ ਦੇ ਮੌਸਮ ਦੇ ਮੱਦੇਨਜ਼ਰ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਦੀ ਧਰਮਪਤਨੀ ਡਾ. ਰਜਿੰਦਰ ਕੌਰ ਕਮਲ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਗਰਮ ਸ਼ਾਲ ਵੰਡੇ ਗਏ । ਧਰਮਕੋਟ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡ ਸੰਘੇੜਾ ਵਿਖੇ ਨਿੱਜੀ ਤੌਰ ’ਤੇ ਪਹੁੰਚ ਕੇ ਡਾ. ਰਜਿੰਦਰ ਕੌਰ ਕਮਲ ਨੇ ਬਜ਼ੁਰਗ ਮਹਿਲਾਵਾਂ,ਔਰਤਾਂ,ਬੱਚਿਆਂ ਅਤੇ ਹੋਰ ਲੋੜਵੰਦ ਵਿਅਕਤੀਆਂ  ਨੂੰ 250 ਦੇ ਕਰੀਬ ਸ਼ਾਲਾਂ ਵੰਡੀਆਂ । ਇਸ ਮੌਕੇ ਉਹਨਾਂ ਨਾਲ ਦਰਸ਼ਨ ਸਿੰਘ, ਸੰਗੀਤਾ, ਸੋਸ਼ਲ ਮੀਡੀਆ ਕੋਆਰਡੀਨੇਟਰ ਪੰਜਾਬ ਸੁਮਨ ਕੌਸ਼ਿਕ,ਅਨਮੋਲ ਸ਼ਰਮਾ ,ਮੀਨਾ ਸ਼ਰਮਾ,ਸਾਹਿਲ ਅਰੋੜਾ ,ਡਾ.ਜੀ ਐੱਸ ਗਿੱਲ ਆਦਿ ਹਾਜ਼ਰ ਸਨ। ਇਸ ਮੌਕੇ ਡਾ. ਰਜਿੰਦਰ ਕੌਰ ਕਮਲ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਦਸੰਬਰ ਮਹੀਨੇ ਵਿਚ ਪੈ ਰਹੀ ਧੰੁਦ , ਹੱਡ ਚੀਰਵੀਂ ਠੰਡ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸਰਦੀ ਤੋਂ ਨਿਜਾਤ ਦਿਵਾਉਣ ਲਈ ਉਹਨਾਂ ਵੱਲੋਂ ਨਿੱਕਾ ਜਿਹਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗੁਰੂਆਂ ਦੇ ਅਸ਼ੀਰਵਾਦ ਅਤੇ ਸਿਖਿਆ ਸਦਕਾ ਸਰਬੱਤ ਦੇ ਭਲੇ ਦੇ ਫਲਸਫ਼ੇ ਤਹਿਤ ਹੀ ਇਹ ਨਿਮਾਣਾ ਯਤਨ ਗੁਰੂ ਸਾਹਿਬ ਦੀ ਕਿਰਪਾ ਅਤੇ ਐਨ ਆਰ ਆਈ ਜਗਮੋਹਨ ਸਿੰਘ ਸਿੱਧੂ ਯੂ ਐੱਸ ਏ ਵਾਲਿਆਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ