ਝਾਰਖੰਡ ਦੇ ਚੋਣ ਨਤੀਜੇ ਭਾਜਪਾ ਦੀ ਫੁੱਟਪਾਊ ਸਿਆਸਤ ਖਿਲਾਫ ਫਤਵਾ --ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 23 ਦਸੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ-ਝਾਰਖੰਡ ਮੁਕਤੀ ਮੋਰਚਾ-ਰਾਸ਼ਟਰੀ ਜਨਤਾ ਦਲ ਦੀ ਜਿੱਤ ਦਾ ਸਵਾਗਤ ਕਰਦਿਆਂ ਇਸ ਨੂੰ ਭਾਰਤੀ ਜਨਤਾ ਪਾਰਟੀ ਦੀ ਫੁੱਟਪਾਊ ਸਿਆਸਤ ਵਿਰੁੱਧ ਲੋਕ ਫਤਵਾ ਕਰਾਰ ਦਿੱਤਾ।ਇਨ੍ਹਾਂ ਚੋਣ ਨਤੀਜਿਆਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਦੀ ਪੁੱਠੀ ਗਿਣਤੀ ਇਸ ਸਾਲ ਦੇ ਆਰੰਭ ਵਿੱਚ ਸ਼ੁਰੂ ਹੋਈ ਸੀ ਅਤੇ ਇਨ੍ਹਾਂ ਚੋਣਾਂ ਨਾਲ ਇਸ ਦੀ ਪ੍ਰੋੜਤਾ ਹੋ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਭਾਜਪਾ ਦੀਆਂ ਦੇਸ਼ ਦੇ ਕੋਨੇ-ਕੋਨੇ ਤੱਕ ਆਪਣੇ ਖੰਬ ਫੈਲਾਉਣ ਦੀਆਂ ਇੱਛਾਵਾਂ ਨੂੰ ਕੁਚਲ ਕੇ ਰੱਖ ਦਿੱਤਾ ਹੈ ਜਿਸ ਨਾਲ ਭਾਜਪਾ ਮੁਕਤ ਭਾਰਤ ਦੀ ਸਿਰਜਣਾ ਲਈ ਰਾਹ ਪੱਧਰਾ ਹੋ  ਗਿਆ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਨਾ ਸਿਰਫ਼ ਭਾਜਪਾ ਦੇ ਫੁੱਟਪਾਊ ਏਜੰਡੇ ਦਾ ਪਰਦਾਫਾਸ਼ ਕੀਤਾ ਸਗੋਂ ਲੋਕਾਂ ਨੇ ਇਸ ਨੂੰ ਮੁੱਢੋਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਫਤਵਾ ਸੱਤਾਧਾਰੀ ਪਾਰਟੀ ਦੀ ਫਿਰਕੂ ਸਿਆਸਤ ਦੀ ਹਾਰ ਦੀ ਗਵਾਹੀ ਭਰਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਆ ਰਿਹਾ ਹੈ ਜਦੋਂ ਮੁਲਕ ਭਰ ਵਿੱਚ ਭਾਜਪਾ ਵਿਰੋਧੀ ਲਹਿਰ ਮਜ਼ਬੂਤੀ ਨਾਲ ਫੈਲ ਰਹੀ ਹੈ ਅਤੇ ਇਸ ਦਾ ਪ੍ਰਗਟਾਵਾ ਕੇਂਦਰ ਸਰਕਾਰ ਦੇ ਕੌਮੀ ਨਗਰਿਕਤਾ ਕਾਨੂੰਨ ਤੇ ਕੌਮੀ ਨਾਗਰਿਕਤਾ ਰਜਿਸਟਰ ਵਰਗੇ ਗੈਰ-ਸੰਵਿਧਾਨਿਕ ਕਦਮਾਂ ਵਿਰੁੱਧ ਵੱਡੀ ਪੱਧਰ 'ਤੇ ਫੈਲੇ ਜਨ ਅੰਦੋਲਨ ਤੋਂ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਝਾਰਖੰਡ ਦੇ ਨਤੀਜਿਆਂ ਨੇ ਕਾਂਗਰਸ ਪਾਰਟੀ ਦੇ ਧਰਮ ਨਿਰਪੱਖ ਏਜੰਡੇ 'ਤੇ ਮੋਹਰ ਲਾਈ ਹੈ।ਕੈਪਟਨ ਅਮਰਿੰਦਰ ਸਿੰਘ ਨੇ ਅਨੇਕਤਾ ਵਿੱਚ ਏਕਤਾ ਦੇ ਸੰਵਿਧਾਨਿਕ ਸੰਕਲਪ ਦੇ ਪਿਛੋਕੜ ਵਿੱਚ ਲੋਕ ਵਿਕਾਸ ਤੇ ਤਰੱਕੀ ਚਾਹੁੰਦੇ ਹਨ ਨਾ ਕਿ  ਧਰਮ ਦੇ ਨਾਮ 'ਤੇ ਸੌੜੇ ਹਿੱਤਾਂ ਲਈ ਵੰਡੀਆਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀ ਨਬਜ਼ ਟੋਹਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਖਾਸ ਕਰਕੇ ਵੱਡਾ ਨੌਜਵਾਨ ਵਰਗ ਭਾਜਪਾ ਦੀਆਂ ਹਰ ਖੇਤਰ 'ਚ ਰਹੀਆਂ ਨਾਕਾਮੀਆਂ ਨਾਲ ਇਸ ਦੀ ਅਸਲੀਅਤ ਨੂੰ ਪਛਾਣ ਚੁੱਕਾ ਹੈ ਕਿਉਂਕਿ ਬੇਰੁਜ਼ਗਾਰੀ ਵੱਧ ਰਹੀ ਹੈ, ਆਰਥਿਕ ਸਮੱਸਿਆਵਾਂ ਹੋਰ ਗੰਭੀਰ ਹੋ ਰਹੀਆਂ ਹਨ ਅਤੇ ਕੀਮਤਾਂ ਵਧ ਰਹੀਆਂ ਹਨ ਜਿਸ ਕਰਕੇ ਵੋਟਰਾਂ ਨੇ ਵਿਕਾਸ ਅਤੇ ਤਰੱਕੀ ਦੇ ਹੱਕ ਵਿੱਚ ਵੋਟਾਂ ਪਾ ਕੇ ਪਿਛਾਂਹ ਖਿੱਚੂ ਨੀਤੀਆਂ ਖਿਲਾਫ਼ ਫਤਵਾ ਦਿੱਤਾ ਹੈ।ਮੁੱਖ ਮੰਤਰੀ ਨੇ ਭਵਿੱਖਵਾਣੀ ਕਰਦਿਆਂ ਆਖਿਆ ਕਿ ਇਹ ਹੁਣ ਕੁਝ ਸਮੇਂ ਦੀ ਹੀ ਗੱਲ ਹੈ ਕਿ ਰਾਸ਼ਟਰ ਦੇ ਚਿਹਰੇ ਤੋਂ ਭਗਵਾਂ ਰੰਗ ਹਟ ਜਾਵੇਗਾ ਅਤੇ ਇੱਥੋਂ ਦੇ ਲੋਕਾਂ ਲਈ ਸੁਨਹਿਰੇ ਭਵਿੱਖ ਦਾ ਰਾਹ ਖੁੱਲ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਝੂਠੇ ਵਾਅਦੇ ਤੇ ਫੋਕੇ ਦਾਅਵੇ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਤਾ ਲੰਮਾ ਸਮਾਂ ਨਹੀਂ ਚਲਾ ਸਕਦੇ ਅਤੇ ਇਸ ਨੂੰ ਭਾਜਪਾ ਸਪੱਸ਼ਟ ਤੌਰ 'ਤੇ ਕਬੂਲਣ ਵਿੱਚ ਅਸਫਲ ਰਹੀ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ