ਧੁੰਦ ਦੀ ਸਥਿਤੀ ਦੌਰਾਨ ਸੜਕੀ ਦੁਰਘਟਨਾਵਾਂ ਨੂੰ ਟਾਲਣ ਲਈ ਕਾਹਨ ਸਿੰਘ ਪੰਨੂ ਵੱਲੋਂ ਅਡਵਾਈਜ਼ਰੀ ਜਾਰੀ

ਚੰਡੀਗੜ੍ਹ, 20 ਦਸੰਬਰ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅਡਵਾਈਜ਼ਰੀ ਜਾਰੀ ਕਰਦਿਆਂ ਮਿਸ਼ਨ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ ਖ਼ਾਸ ਤੌਰ ’ਤੇ ਧੁੰਦ ਦੀ ਸਥਿਤੀ ਦੌਰਾਨ ਸੜਕੀ ਸੁਰੱਖਿਆ ਨੂੰ ਬਰਕਰਾਰ ਰੱਖਣਾ ਸੂਬਾ ਸਰਕਾਰ ਲਈ ਵੱਡੀ ਚੁਣੌਤੀ ਬਣ ਜਾਂਦੀ ਹੈ। ਸੜਕਾਂ ’ਤੇ ਹੋ ਰਹੇ ਜਾਨੀ ਨੁਕਸਾਨ ਦੇ ਮੱਦੇਨਜ਼ਰ  ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸਾਰਥਕ ਕਦਮ ਚੁੱਕਣ ਦੀ ਲੋੜ ਹੈ। ਸੂਬੇ ਵਿੱਚ ਧੁੰਦ ਦੀ ਸਥਿਤੀ ਦੌਰਾਨ ਵਾਪਰਦੇ ਹਾਦਸਿਆਂ ਨੂੰ ਟਾਲਣ ਲਈ ਟਰਾਂਸਪੋਰਟ ਵਿਭਾਗ, ਪੁਲਿਸ, ਭਾਰਤੀ ਰਾਜ ਮਾਰਗ ਅਥਾਰਟੀ, ਲੋਕ ਨਿਰਮਾਣ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਹੋਰ ਚੁਕੰਨੇ ਰਹਿਣ ਅਤੇ ਹਾਦਸਾ ਵਾਪਰ ਜਾਣ ਦੀ ਸਥਿਤੀ ਵਿੱਚ ਸਮੇਂ ਸਿਰ ਬਚਾਅ ਕਾਰਜ ਵਿੱਢਣ ਦੀ ਸਲਾਹ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਾ ਪੱਧਰ ‘ਤੇ ਚੁੱਕੇ ਜਾਣ ਵਾਲੇ ਕੁਝ ਉਪਾਅ ਸੁਝਾਏ ਗਏ ਹਨ। ਜਿਨ੍ਹਾਂ ਵਿਚ ਸੜਕਾਂ ਦੇ ਚੌਰਾਹੇ ‘ਤੇ ਟ੍ਰੈਫਿਕ ਲਾਈਟਾਂ ਦਾ ਸਹੀ ਕੰਮ ਕਰਨਾ, ਐਮਰਜੈਂਸੀ ਵਾਹਨਾਂ ਜਿਵੇਂ ਐਂਬੂਲੈਂਸਾਂ ਅਤੇ ਰਿਕਵਰੀ ਵੈਨਾਂ ਦੀ ਉਪਲਬਧਤਾ ਦੇ ਨਾਲ-ਨਾਲ ਡਰਾਈਵਰਾਂ ਦੀ ਚੌਵੀ ਘੰਟੇ ਉਪਲਬਧਤਾ ਅਤੇ ਇਨ੍ਹਾਂ ਵਾਹਨਾਂ ਵਿੱਚ ਸਹਾਇਕ ਸਟਾਫ ਦੀ ਮੌਜੂਦਗੀ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਸਾਰੀਆਂ ਸਕੂਲ ਬੱਸਾਂ ਦੇ ਡਰਾਈਵਰਾਂ ਨੂੰ ਸਰਦੀਆਂ ਦੇ ਮੌਸਮ ਦੌਰਾਨ ਸੜਕੀ ਸੁਰੱਖਿਆ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਸਕੂਲ ਬੱਸ ਡਰਾਈਵਰਾਂ ਨੂੰ ਵਿਸ਼ੇਸ਼ ਤੌਰ ‘ਤੇ ਨਿਰਦੇਸ਼ ਕੀਤਾ ਜਾਵੇ ਕਿ ਵਾਹਨਾਂ ਨੂੰ ਗਤੀ ਸੀਮਾ ਦੇ ਅੰਦਰ ਰੱਖਿਆ ਜਾਵੇ ਅਤੇ ਅਜਿਹੇ ਵਾਹਨਾਂ ‘ਤੇ ਫੌਗ ਲਾਈਟਾਂ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ।ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਸੜਕਾਂ ਦੇ ਡਾਇਵਰਜ਼ਨ ‘ਤੇ ਖ਼ਾਸਕਰ ਨਿਰਮਾਣ ਅਧੀਨ ਸੜਕ ਵਾਲੀਆਂ ਥਾਵਾਂ ’ਤੇ ਉਚਿਤ ਸੰਕੇਤ ਲਗਾਏ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਪੁਲਿਸ ਨਾਕਿਆਂ / ਬੈਰੀਅਰਾਂ ਕੋਲ ਰਿਫਲੈਕਟਰ / ਫਲੈਸ਼ਿੰਗ ਲਾਈਟਾਂ ਹੋਣੀਆਂ ਚਾਹੀਦੀਆਂ ਹਨ। ਸ੍ਰੀ ਪੰਨੂ ਨੇ ਦੱਸਿਆ ਕਿ  ਇਹ ਵੀ ਸਿਫਾਰਸ਼ ਕੀਤੀ ਗਈ ਹੈ ਕਿ ਸੜਕ ਦੇ ਕਿਨਾਰਿਆਂ, ਖ਼ਾਸਕਰ ਢਾਬਿਆਂ ਤੇ ਵਾਹਨਾਂ ਦੀ ਅਣਅਧਿਕਾਰਤ ਪਾਰਕਿੰਗ ਨੂੰ ਨਿਯਮਤ ਗਸ਼ਤ ਰਾਹੀਂ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਹਨ ਦੇ ਅਕਾਰ ਤੋਂ ਵੱਧ ਮਾਲ ਰੱਖਣ ਵਾਲੇ ਵਾਹਨ ਬੰਦ ਕੀਤੇ ਜਾਣ ਕਿਉਂਕਿ ਇਹਨਾਂ ਨੂੰ ਚਲਾਉਣ ਦੀ ਮੋਟਰ ਵਹੀਕਲ ਐਕਟ ਤਹਿਤ ਵੀ ਆਗਿਆ ਨਹੀਂ ਹੈ।
ਅਡਵਾਈਜ਼ਰੀ ਵਿੱਚ  ਰਾਜ ਮਾਰਗਾਂ ’ਤੇ ਦੁਰਘਟਨਾਵਾਂ ਹੋਣ ਵਾਲੀਆਂ ਸੰਵੇਦਨਸ਼ੀਲ ਥਾਵਾਂ ’ਤੇ ਵਧੇਰੇ ਚੌਕਸੀ ਕਾਇਮ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ ਜਿਨ੍ਹਾਂ ਥਾਵਾਂ ਦੀ ਪਛਾਣ ਪਹਿਲਾਂ ਹੀ ਜ਼ਿਲ੍ਹਿਆਂ ਵਿਚ ਤਾਇਨਾਤ ਟ੍ਰੈਫਿਕ ਪੁਲਿਸ ਅਤੇ ਸੜਕ ਸੁਰੱਖਿਆ ਇੰਜੀਨੀਅਰਾਂ ਦੁਆਰਾ ਕੀਤੀ ਗਈ ਹੈ। ਪੰਨੂੰ ਨੇ ਕਿਹਾ ਕਿ ਅਵਾਰਾ ਪਸ਼ੂ ਹਾਦਸਿਆਂ ਦਾ ਵੱਡਾ ਕਾਰਨ ਹਨ। ਇਸ ਲਈ ਖ਼ਾਸਕਰ ਮੁੱਖ ਸੜਕਾਂ ਅਤੇ ਸ਼ਹਿਰਾਂ ਵਿਚ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਇਸ ਦੇ ਨਾਲ  ਇਹ ਵੀ ਕਿਹਾ ਗਿਆ ਹੈ ਕਿ ਹਾਦਸਾ ਗ੍ਰਸਤ ਵਾਹਨਾਂ ਨੂੰ ਹਾਈਵੇਅ ਤੋਂ ਤੁਰੰਤ ਹਟਾਇਆ ਜਾਵੇ ਤਾਂ ਜੋ ਉਹ ਹੋਰ ਤੇਜ਼ ਰਫਤਾਰ ਵਾਹਨਾਂ ਦੇ ਸੜਕੀ ਹਾਦਸਿਆਂ ਦਾ ਕਾਰਨ ਨਾ ਬਣਨ।ਸ੍ਰੀ ਪੰਨੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਸਰਦੀਆਂ ਵਿੱਚ ਧੁੰਦ ਵਾਲੀ ਸਥਿਤੀ ਦੌਰਾਨ ਸੜਕੀ ਹਾਦਸਿਆਂ ਨੂੰ ਰੋਕਣ ਲਈ ਸਾਰੇ ਭਾਈਵਾਲ ਵਿਭਾਗਾਂ ਨੂੰ ਜਾਗਰੂਕ ਕਰਨ ਦੇ ਮੱਦੇਨਜ਼ਰ ਜਲਦ ਹੀ  ਇਸ ਇੱਕ ਮੀਟਿੰਗ ਕੀਤੀ ਜਾਵੇ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ