ਯੂਨੀਸੈਫ ਦਿਵਸ ਮੌਕੇ ਡਾਇਰੈਕਟਰ ਅਨੁਜ ਗੁਪਤਾ ਨੇ ਆਖਿਆ ‘‘ਯੂਨੀਸੈੱਫ ਏਜੰਸੀ ਵਿਸ਼ਵ ਭਰ ਦੇ ਬੱਚਿਆਂ ਲਈ ਹੈ ਵਰਦਾਨ’’

ਮੋਗਾ, 12 ਦਸੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਯੂਨੀਸੈਫ ਦਿਵਸ ਮਨਾਇਆ ਗਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਨਾਲ ਸਾਂਝੇ ਕਰਦਿਆਂ ਆਖਿਆ ਕਿ ‘‘ਯੂਨੀਸੈੱਫ ਏਜੰਸੀ ਵਿਸ਼ਵ ਭਰ ਦੇ ਬੱਚਿਆਂ ਲਈ ਵਰਦਾਨ ਹੈ’’ । ਉਹਨਾਂ ਕਿਹਾ ਕਿ ਯੂਨੀਸੈੱਫ ਲੜਕੀਆਂ ਅਤੇ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਰਾਜਨੀਤਕ ,ਸਮਾਜਿਕ ਅਤੇ ਆਰਥਿਕ ਪ੍ਰਣਾਲੀਆਂ ਵਿਚ ਉਹਨਾਂ ਦੀ ਪੂਰੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸਮੁੱਚੀ ਦੁਨੀਆਂ ਵਿਚ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਸੰਸਥਾ ਬੱਚਿਆਂ ਦੀ ਸਿਹਤ ਸੰਭਾਲ,ਟੀਕਾਕਰਨ ,ਸੁਰੱਖਿਅਤ ਪਾਣੀ,ਸੈਨੀਟੇਸ਼ਨ ,ਪੋਸ਼ਣ,ਸਿੱਖਿਆ,ਐਮਰਜੈਂਸੀ ਰਾਹਤ ਅਤੇ ਦੁਨੀਆਂ ਦੇ ਸਭ ਤੋਂ ਕਮਜ਼ੋਰ ਬੱਚਿਆਂ ਨੂੰ ਬਚਾਉਣ ਅਤੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਂਦੀ ਹੈ । ਇਸ ਸਮੇਂ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਬੱਚਿਆਂ ਨੂੰ ਸਮਝਾਇਆ ਕਿ ਯੂਨੀਸੈਫ 190 ਤੋਂ ਵੱਧ ਦੇਸ਼ਾਂ ਵਿਚ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕਰਨ,ਉਹਨਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਅਤੇ ਉਹਨਾਂ ਦੇ ਬਹੁਪੱਖੀ ਵਿਕਾਸ ਲਈ ਸੰਭਵ ਸਹਾਇਤਾ ਕਰ ਰਹੀ ਹੈ । ਉਹਨਾਂ ਕਿਹਾ ਕਿ ਬਚਪਨ ਤੋਂ ਲੈ ਕੇ ਕਿਸ਼ੋਰ ਅਵਸਥਾ ਤੱਕ ਉਹਨਾਂ ਦੇ ਸੰਪੂਰਨ  ਵਿਕਾਸ ਲਈ ਉਹਨਾਂ ਦੀ ਮਦਦ ਕਰਦੀ ਹੈ। ਡਾ. ਧਾਰੀ ਨੇ ਬਾਲ ਸੁਰੱਖਿਆ ਸਿੱਖਿਆ ਸਿਹਤ ਅਤੇ ਪੋਸ਼ਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।