ਭਾਰਤੀ ਕਮਿਊਨਿਸਟ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਸੋਧ ਬਿੱਲ ਧੌਂਸ ਨਾਲ ਪਾਸ ਕਰਵਾਉਣ ਵਿਰੁੱਧ ਕੀਤਾ ਰੋਹ ਭਰਪੂਰ ਮੁਜ਼ਾਹਰਾ

ਮੋਗਾ,10 ਦਸੰਬਰ (ਜਸ਼ਨ):ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਵੰਡਵਾਦੀ ਸੋਚ ਤਹਿਤ ਵਿਤਕਰੇ ਆਧਾਰਤ ਨਾਗਰਿਕਤਾ ਸੋਧ ਬਿੱਲ ਧੌਂਸ ਨਾਲ ਪਾਸ ਕਰਵਾਉਣ ਵਿਰੁੱਧ ਰੋਹ ਭਰਪੂਰ ਮੁਜ਼ਾਹਰਾ ਕੀਤਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ । ਇਸ ਮੌਕੇ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਅਗਜੈਕਟਿਵ ਮੈਂਬਰ ਤੇ ਜਲ੍ਹਿਾ ਸਕੱਤਰ ਕਾ. ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਦੇਸ਼ ਅੰਦਰ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ ਸਾਰੀ ਤਾਕਤ ਪ੍ਰਧਾਨ ਮੰਤਰੀ ਦਫਤਰ ਤੱਕ ਸੀਮਤ ਕੀਤੀ ਜਾ ਰਹੀ ਹੈ।ਲੋਕ ਵਿਰੋਧੀ ਤੇ ਫ਼ਿਰਕੂ ਵੰਡ ਪਾਊ ਨੀਤੀਆਂ ਲਾਗੂ ਕਰਨ ਕਾਰਨ ਦੇਸ਼ ਆਰਥਿਕ ਤਬਾਹੀ ਦਾ ਸ਼ਿਕਾਰ ਹੋ ਚੁੱਕਾ ਹੈ । ਲੱਖਾਂ ਕਾਮਿਆਂ ਤੋਂ ਰੁਜਗਾਰ ਖੁੱਸ ਗਿਆ ਹੈ । ਧਾਰਾ 370 ਖਤਮ ਕਰਨ,ਨਾਗਰਿਕਤਾ ਸੋਧ ਬਿੱਲ ਠੋਸਣ ਵਰਗੇ ਫੈਸਲਿਆਂ ਕਾਰਨ ਦੇਸ਼ ਦੀ ਭਾਈਚਾਰਕ ਸਾਂਝ ਟੁੱਟ ਰਹੀ ਹੈ । ਸੌੜੀ ਰਾਜਨੀਤਿਕ ਮਨਸ਼ਾ ਤਹਿਤ  ਬੰਗਲਾਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆਏ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਾ ਅਧਿਕਾਰ ਦੇਣ ਦੀ ਬਜਾਏ ਮੁਸਲਮਾਨ ਸਰਨਾਰਥੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਸ੍ਰੀਲੰਕਾ,ਮਿਆਂਮਾਰ,ਚੀਨ ਵਰਗੇ ਦੇਸ਼ਾਂ ਤੋਂ ਆਏ ਜ਼ੁਲਮਾਂ ਦਾ ਸ਼ਿਕਾਰ ਸ਼ਨਾਰਥੀਆਂ ਨੂੰ ਵੀ ਨਾਗਰਿਕਤਾ ਦਾ ਅਧਿਕਾਰ ਦੇਣ ਦੀ ਗੱਲ ਨਹੀਂ ਕੀਤੀ ਜਾ ਰਹੀ । ਉਨ੍ਹਾਂ ਕਿਹਾ ਕਿ ਕਮਿਊਨਿਸਟ ਪਾਰਟੀ ਬੀ ਜੇ ਪੀ ਦੀ ਫਿਰਕੂ ਤੇ ਗੁਮਰਾਹਕੁੰਨ ਰਾਜਨੀਤੀ ਦੇ ਮੁਕਾਬਲੇ ਲੋਕ ਮਸਲਿਆਂ ਤੇ ਆਧਾਰਤ ਰਾਜਨੀਤੀ ਉਭਾਰਦਿਆਂ ਰਾਜਨਿਤਿਕ ਬਦਲ ਪੇਸ ਕਰੇਗੀਬਲਾਕ ਸਕੱਤਰ ਕਾ ਜਗਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਰੀ ਦੁਨੀਆ ਅੰਦਰ ਅੱਜ ਦੇ ਦਿਨ ‘ਮਨੁੱਖੀ ਅਧਿਕਾਰ ਦਿਵਸ‘ ਵਜੋਂ ਮਨਾਇਆ ਜਾ ਰਿਹਾ ਹੈ। ਪਰ ਸਾਡੇ ਦੇਸ ਅੰਦਰ ਸ਼ਾਸਕਾਂ ਤੇ ਪ੍ਰਸ਼ਾਸਕਾਂ ਵੱਲੋਂ ਮਨੁੱਖੀ ਅਧਿਕਾਰਾਂ ਨੂੰ ਯੋਜਨਾਬੰਦ ਢੰਗ ਨਾਲ ਕੁਚਲਿਆ ਜਾ ਰਿਹਾ ਹੈ।ਜੇ ਐਨ ਯੂ ਦੇ ਵਿੱਦਿਆਰਥੀਆਂ ਤੋਂ ਵਿੱਦਿਆ ਦਾ ਅਧਿਕਾਰ ਖੋਹਣ ਵਿਰੁੱਧ ਲੜ ਰਹੇ ਵਿਦਿਆਰਥੀਆਂ ਤੇ ਦੇਸ਼ ਅੰਦਰ ਕੰਮ ਦਾ ਅਧਿਕਾਰ ਮੰਗ ਰਹੇ ਨੌਜਵਾਨਾਂ ਨੂੰ ਰੋਜ਼ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ। ਦੇਸ ਅੰਦਰ ਔਰਤਾਂ ਉੱਪਰ ਅੱਤਿਆਚਾਰ ਵਧ ਰਹੇ ਹਨ ।ਬਲਾਤਕਾਰੀਆਂ,ਕਾਤਲਾਂ ਨੂੰ ਅਦਾਲਤੀ ਪ੍ਰਕਿਰਿਆ ਨੂੰ ਕਥਿਤ ਤੌਰ ਤੇ ਲਮਕਾਅ ਕੇ ਸਜ਼ਾ ਤੋਂ ਬਚਾਇਆ ਜਾ ਰਿਹਾ ਹੈ ਅਤੇ ਬਾਹਰ ਆਉਂਦਿਆਂ ਨੂੰ ਨਿੱਘੇ ਸਵਾਗਤਾਂ ਅਤੇ ਗਲਾਂ ਚ ਹਾਰ ਪਾ ਕੇ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਹਜੂਮੀ ਕਤਲਾਂ ਦੇ ਜੰਿਮੇਵਾਰਾਂ ਨੂੰ ਜਨਤਕ ਤੌਰ ਤੇ ਸਨਮਾਨਿਆ ਜਾ ਰਿਹਾ ਹੈ।  ਇੱਕ ਵੱਖਰੇ ਮਤੇ ਰਾਹੀਂ ਮੋਗਾ ਜਲ੍ਹਿੇ ਦੇ ਪਿੰਡ ਮਸਤੇਵਾਲਾ ਚ ਵਾਪਰੇ ਕਤਲ ਕਾਂਡ ਦੇ ਸਬੰਧ ਵਿੱਚ ਬਣੀ ਐਕਸ਼ਨ ਕਮੇਟੀ ਦੇ ਆਗੂਆਂ ਤੇ ਕੀਤੇ ਝੂਠੇ ਪਰਚੇ ਨੂੰ ਰੱਦ ਕਰਨ ਅਤੇ ਗਿ੍ਫਤਾਰ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਕਾ.ਸੁਖਦੇਵ ਭੋਲਾ,ਕਾ.ਪਾਲ ਸਿੰਘ ਧੂੜਕੋਟ,ਕਾ.ਸਿਕੰਦਰ ਸਿੰਘ ਮਧੇਕੇ,ਕਾ.ਜੋਗਿੰਦਰ ਸਿੰਘ ਪਾਲੀ ਖਾਈ,ਕਾ.ਮਹਿੰਦਰ ਸਿੰਘ ਧੂੜਕੋਟ (ਸਾਰੇ ਮੈਂਬਰ ਜਲ੍ਹਿਾ ਕੌਂਸਲ), ਕਿਸਾਨ ਆਗੂ ਜਸਵੀਰ ਸਿੰਘ ਧੂੜਕੋਟ,ਮਹਿੰਦਰ ਸਿੰਘ ਰਣਸੀਂਹ,ਨੌਜਵਾਨ ਆਗੂ ਚਰੰਜੀ ਲਾਲ ਨਿਹਾਲ ਸਿੰਘ ਵਾਲਾ,ਕਾ.ਲੋਕ ਰਾਜ,ਕਾ.ਕੁਲਵੰਤ ਸਿੰਘ,ਕੇਵਲ ਸਿੰਘ ਰਾਉਕੇ,ਰਘਵੀਰ ਸਿੰਘ ਰਣਸੀਂਹ ਕਲਾਂ, ਗੁਰਮੀਤ ਸਿੰਘ ਬੌਡੇ ਆਦਿ ਆਗੂ ਵੀ ਹਾਜਰ ਸਨ।