ਮੋਗਾ ਕੋਟਕਪੂਰਾ ਰੋਡ ’ਤੇ ਵਾਪਰੇ ਸੜਕ ਹਾਦਸੇ ‘ਚ ਤਿੰਨ ਵਿਅਕਤੀ ਗੰਭੀਰ ਜ਼ਖਮੀ

ਮੋਗਾ,10 ਦਸੰਬਰ (ਨਵਦੀਪ ਮਹੇਸ਼ਰੀ) : ਮੋਗਾ ਕੋਟਕਪੂਰਾ ਰੋਡ ’ਤੇ ਟਰੱਕ ਅਤੇ ਕਾਰ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ 4 ਵਿਅਕਤੀਆਂ ਵਿਚੋਂ ਤਿੰਨ ਗੰਭੀਰ ਜਖਮੀ ਹੋ ਗਏ ਨੇ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਸਵਾਰ 4 ਵਿਅਕਤੀ ਕਿਸੇ ਸਮਾਗਮ ਤੋਂ ਬਾਅਦ ਮੋਗਾ ਆ ਰਹੇ ਸਨ ਅਤੇ ਉਹਨਾਂ ਦੀ ਕਾਰ ਅਚਾਨਕ ਟਰੱਕ ਨਾਲ ਟਕਰਾ ਗਈ । ਮੌਕੇ ’ਤੇ ਪਹੰੁਚੀ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ ਜਦਕਿ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।  ਪੁਲਿਸ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਇਕ ਟਰੱਕ ਲੁਧਿਆਣਾ ਵਾਲੇ ਪਾਸਿਓਂ ਆ ਰਿਹਾ ਸੀ ਜਦਕਿ ਬੋਹਨਾ ਪਿੰਡ ਨਾਲ ਸਬੰਧਤ ਕਾਰ ਸਵਾਰ 4 ਵਿਅਕਤੀ ਕਿਸੇ ਪਾਰਟੀ ‘ਚ ਸ਼ਾਮਲ ਹੋਣ ਉਪਰੰਤ ਮੋਗੇ ਵੱਲ ਨੂੰ ਆ ਰਹੇ ਸਨ। ਉਹਨਾਂ ਦੱਸਿਆ ਕਿ ਜਦੋਂ ਇਹ ਕਾਰ ਲਾਲ ਸਿੰਘ ਰੋਡ ’ਤੇ ਪਹੁੰਚੀ ਤਾਂ ਕਾਰ ਚਾਲਕ ਨੇ ਆਪਣੀ ਗੱਡੀ ਟਰੱਕ ‘ਚ ਮਾਰ ਦਿੱਤੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੇ ਜਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ ਪਰ ਸਿਵਲ ਹਸਪਤਾਲ ਵਾਲਿਆਂ ਨੇ ਜਖਮੀਆਂ ਦੀ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਹੈ ।