ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਕਾਲਜ,ਸੁਖਾਨੰਦ ਵਿਖੇ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ

ਮੋਗਾ ,10 ਦਸੰਬਰ (ਜਸ਼ਨ):  ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਸੁਖਾਨੰਦ ਵਿਖੇ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਸਾਹਿਬਾ, ਸਮੂਹ ਸਟਾਫ਼, ਬੀ.ਐੱਡ. ਅਤੇ ਐੱਮ.ਐੱਡ. ਦੀਆਂ ਸਮੂਹ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ।ਮੰਚ ਸੰਚਾਲਨ ਦੀ ਭੂਮਿਕਾ ਬੀ.ਐੱਡ. ਸਮੈਸਟਰ ਤੀਜਾ ਦੀ ਵਿਦਿਆਰਥਣ ਸੰਦੀਪ ਕੌਰ ਨੇ ਨਿਭਾਈ। ਬੀ.ਐੱਡ. ਸਮੈਸਟਰ ਪਹਿਲਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਦੱਸਿਆ ਕਿ ਹਰ ਸਾਲ 10 ਦਸੰਬਰ ਦਾ ਦਿਨ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਮਨੁੱਖੀ ਅਧਿਕਾਰ ਉਹ ਅਧਿਕਾਰ ਹਨ ਜਿਸ ਅਨੁਸਾਰ ਕਿਸੇ ਵੀ ਵਿਅਕਤੀ ਨਾਲ ਨਸਲ,ਧਰਮ,ਲਿੰਗ ਆਦਿ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ।ਪਵਨੀਤ ਕੌਰ ਨੇ ਮਨੁੱਖੀ ਅਧਿਕਾਰ ਦਿਵਸ ਦੇ ਇਤਿਹਾਸ ਵੱਲ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸੰਯੁਕਤ ਰਾਸ਼ਟਰ ਨੇ 1948 ਵਿੱਚ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਘੋਸ਼ਣਾ ਕੀਤੀ ਅਤੇ ਇਸ ਸੰਬੰਧੀ 04 ਦਸੰਬਰ,1950 ਨੂੰ ਮਤਾ ਪਾਸ ਕੀਤਾ ਗਿਆ ਅਤੇ ਉਸ ਤੋਂ ਬਾਅਦ 10 ਦਸੰਬਰ ਦਾ ਦਿਨ ਮਨੁੱਖੀ ਅਧਿਕਾਰ ਦਿਵਸ ਘੋਸ਼ਿਤ ਕਰ ਦਿੱਤਾ ਗਿਆ।ਐੱਮ.ਐੱਡ. ਸਮੈਸਟਰ ਪਹਿਲਾ ਦੀ ਵਿਦਿਆਰਥਣ ਬੇਅੰਤ ਕੌਰ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਅਤੇ ਸੰਵਿਧਾਨ ਅਨੁਸਾਰ ਰਾਜ ਹਰੇਕ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਵਿਵਸਥਾ ਕਰਦਾ ਹੈ। ਜੇਕਰ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਨੂੰ ਦਬਾਇਆ ਜਾਂਦਾ ਹੈ ਤਾਂ ਉਹ ਕਾਨੂੰਨ ਦਾ ਸਹਾਰਾ ਲੈ ਸਕਦਾ ਹੈ।ਐਮ.ਐੱਡ. ਸਮੈਸਟਰ ਚੌਥਾ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਮੌਲਿਕ ਅਧਿਕਾਰਾਂ ਨੂੰ ਕੇਵਲ ਉੱਚ ਤਬਕਾ ਹੀ ਮਾਣ ਰਿਹਾ ਹੈ ਅਤੇ ਇਹ ਆਮ ਵਿਅਕਤੀ ਦੀ ਸੂਝ ਤੋਂ ਦੂਰ ਹੁੰਦਾ ਜਾ ਰਿਹਾ ਹੈ।ਅੰਤ ਵਿੱਚ ਪ੍ਰਿੰਸੀਪਲ ਸਾਹਿਬਾ ਨੇ ਸਮੂਹ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਨੁੱਖੀ ਅਧਿਕਾਰ ਕੇਵਲ ਭਾਸ਼ਣਾਂ ਜਾਂ ਸੈਮੀਨਾਰਾਂ ਤੱਕ ਹੀ ਸੀਮਤ ਨਹੀਂ ਰਹਿਣੇ ਚਾਹੀਦੇ ਸਗੋਂ ਇਨ੍ਹਾਂ ੳੁੱਪਰ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ।