ਦਿੱਲੀ ਦੇ ਪ੍ਰਸਿੱਧ ਨਾਵਲਕਾਰ ਸੇਖੋਂ ਲੁਧਿਆਣਵੀ ਦੀ ਪੁਸਤਕ ਵਿੱਥ ਲੋਕ ਅਰਪਣ,ਲਿਖਾਰੀ ਸਭਾ ਨੇ ਸੇਖੋਂ ਲੁਧਿਆਣਵੀ ਦਾ ਕੀਤਾ ਸਨਮਾਨ

ਮੋਗਾ,9 ਦਸੰਬਰ(ਜਸ਼ਨ): ਲਿਖਾਰੀ ਸਭਾ ਮੋਗਾ ਰਜਿਸਟਰਡ ਦੀ ਮਹੀਨਾਵਾਰ ਇਕੱਤਰਤਾ ਨੇਚਰ ਪਾਰਕ ਮੋਗਾ ਵਿਖੇ ਪ੍ਰੋਫੈਸਰ ਸੁਰਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਦਿੱਲੀ ਤੋਂ ਆਏ ਪ੍ਰਸਿੱਧ ਨਾਵਲਕਾਰ ਸੇਖੋਂ ਲੁਧਿਆਣਵੀ ਦੀ ਪੁਸਤਕ ‘ਵਿੱਥ’ ਲੋਕ ਅਰਪਣ ਕੀਤੀ ਗਈ । ਇਸ ਮੌਕੇ ਪ੍ਰਸਿੱਧ ਲੇਖਕ ਅਤੇ ਕੁਦਰਤਵਾਦੀ ਸਰਬ ਸਾਂਝਾ ਮੰਚ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅਸੋਕ ਚਟਾਨੀ ਨੇ ਪੁਸਤਕ ‘ਵਿੱਥ’ ਉੱਪਰ ਬੋਲਦਿਆਂ ਕਿਹਾ ਕਿ ਲੇਖਕ ਨੇ ਨਾਵਲ ‘ਚ ਸਮਾਜੀ ਸਰੋਕਾਰਾਂ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ਨੂੰ ਛੋਹਿਆ ਹੈ ਅਤੇ ਇਹ ਵਿੱਥ ਸਿਰਫ਼ ਰਿਸ਼ਤਿਆਂ ਦੀ ਟੁੱਟ ਭੱਜ ਵਿਚ ਹੀ ਨਹੀਂ ਸਗੋਂ ਸਿਸਟਮ ਦੀ ਵਿੱਥ ਦਾ ਵੀ ਪ੍ਰਤੀਕ ਹੈ। ਇਸ ਮੌਕੇ ਡਾ. ਸੁਰਜੀਤ ਬਰਾੜ ਨੇ ਨਾਵਲ ਦੇ ਨਾਮ ‘ਵਿੱਥ’ ਦੀ ਸ਼ਲਾਘਾ ਕੀਤੀ । ਮੀਟਿੰਗ ਦੌਰਾਨ ਸੇਖੋਂ ਲੁਧਿਆਣਵੀ ਨੇ ਹਾਜਰ ਲੇਖਕਾਂ ਦੇ ਰੂਬਰੂ ਹੁੰਦਿਆਂ ਆਪਣੇ ਜੀਵਨ ਵਿੱਚ ਹੰਢਾਈਆਂ ਧੁੱਪਾਂ ਛਾਵਾਂ ਅਤੇ ਸਾਹਿਤ ਖੇਤਰ ਵਿੱਚ ਪ੍ਰਵੇਸ਼ ਕਰਨ ਦੇ ਇਤਿਹਾਸਕ ਪਿਛੋਕੜ ਦਾ ਜ਼ਿਕਰਯੋਗ ਵਰਨਣ ਕੀਤਾ। ਇਸ ਮੌਕੇ ਪ੍ਰੋਫੈਸਰ ਸੁਰਜੀਤ ਸਿੰਘ ਕਾਉਂਕੇ ਨੇ ਸੇਖੋਂ ਦੇ ਮੁੱਢਲੇ ਜੀਵਨ ਅਤੇ ਉਸ ਨਾਲ ਬਚਪਨ ਵਿੱਚ ਹੰਢਾਏ ਪਲਾਂ ਦਾ ਜ਼ਿਕਰ ਕਰਦਿਆਂ ਸੇਖੋਂ ਲੁਧਿਆਣਵੀ ਵੱਲੋਂ ਹੁਣ ਤੱਕ ਲਿਖੇ ਨਾਵਲਾਂ ‘ਮੱਸਿਆ’ ‘ਕੁੱਖ’ ‘ਤਰਾਟਾਂ’ ‘ਕੁੰਡ’ ‘ਘੁਲਾਟੀਆ’ ਅਤੇ ‘ਸਿੱਕ’ ਵਿੱਚ ਦਰਸਾਏ ਵੱਖ ਵੱਖ ਵਿਸ਼ਿਆਂ ਤੇ ਸਮੱਸਿਆਵਾਂ ਦਾ ਸੰਖੇਪ ਵਰਨਣ ਕੀਤਾ। ਇਸ ਮੌਕੇ ਹਾਜਰ ਲੇਖਕਾਂ ਨੇ ਸੇਖੋਂ ਨੂੰ ਕਈ ਸਾਹਿਤਕ ਪ੍ਰਸ਼ਨ ਪੁੱਛੇ ਜਿਸ ਦੇ ਉੱਤਰ ਵਿੱਚ ਲੇਖਕ ਨੇ ਤਸੱਲੀ ਭਰਪੂਰ ਜਵਾਬ ਦਿੱਤਾ । ਮੀਟਿੰਗ ਸਬੰਧੀ ਜਨਰਲ ਸਕੱਤਰ ਜੰਗੀਰ ਖੋਖਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਚਨਾਵਾਂ ਦੇ ਦੌਰ ਵਿੱਚ ਗੁਰਮੀਤ ਸਿੰਘ ਸਿੰਘਾਵਾਲਾ ਨੇ ਕਵਿਤਾ ‘ਸੱਚ ਦੀ ਆਵਾਜ਼’ ,ਵਿਵੇਕ ਕੋਟਈਸੇ ਖਾਂ ਨੇ ਕਵਿਤਾ ‘ਚਿੜੀਆਂ’,ਅਸ਼ੋਕ ਚਟਾਨੀ, ਦਿਲਬਾਗ ਬੁੱਕਣਵਾਲਾ, ਜੰਗੀਰ ਖੋਖਰ, ਨਰਿੰਦਰ ਸ਼ਰਮਾ, ਜੀਤ ਸਿੰਘ ਗਰੀਬਦਾਸ, ਡਾ ਸੁਰਜੀਤ ਬਰਾੜ ਨੇ ਖੂਬਸੂਰਤ ਗ਼ਜ਼ਲਾਂ ਅਤੇ ਰਾਮਪਾਲ ਕੋਟਲੀ ਅਤੇ ਆਤਮਾ ਸਿੰਘ ਆਲਮਗੀਰ ,ਪਰਮਜੀਤ ਸਿੰਘ ਚੂਹੜਚੱਕ, ਸੁਰਜੀਤ ਕਾਲੇਕੇ, ਮਲੂਕ ਸਿੰਘ ਲੁਹਾਰਾ, ਬਲਬੀਰ ਸਿੰਘ ਪ੍ਰਦੇਸੀ,ਸੁਰਜੀਤ ਸਿੰਘ ਕਾਉਂਕੇ, ਮਾਸਟਰ ਪ੍ਰੇਮ ਕੁਮਾਰ ਅਤੇ ਇੰਦਰਜੀਤ ਸਿੰਘ ਨੇ ਆਪਣੇ ਆਪਣੇ ਕਲਾਮ ਪੇਸ਼ ਕੀਤੇ । ਇਸ ਮੌਕੇ ਨਾਵਲਕਾਰ ਨਛੱਤਰ ਪ੍ਰੇਮੀ ਨੇ ਨਾਵਲ ਦਾ ਕਾਂਡ ਪੜ੍ਹ ਕੇ ਸੁਣਾਇਆ । ਇਸ ਮੌਕੇ ਅਸ਼ੋਕ ਚਟਾਨੀ ਨੇ ਆਪਣੀ ਬਾਰ੍ਹਵੀਂ ਪੁਸਤਕ ‘ਹੱਕ ਇੰਜ ਨਹੀਂ ਮਿਲਦੇ ’ ਸਭਾ ਨੂੰ ਭੇਂਟ ਕੀਤੀਆਂ । ਅਖੀਰ ਵਿਚ ਲਿਖਾਰੀ ਸਭਾ ਮੋਗਾ ਵੱਲੋਂ ਸੇਖੋਂ ਲੁਧਿਆਣਵੀ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਅਤੇ ਸਰਪ੍ਰਸਤ ਨਰਿੰਦਰ ਸ਼ਰਮਾ ਦੇ ਜਨਮ ਦਿਨ ਤੇ ਸਭਾ ਦੇ ਸਮੂਹ ਮੈਂਬਰਾਂ ਨੇ ਵਧਾਈਆਂ ਦਿੱਤੀਆਂ ।