ਵਿਆਹ ਸਮਾਗਮ ‘ਚ ਮਾਰੇ ਗਏ ਨੌਜਵਾਨ ਦੇ ਪੋਸਟ ਮਾਰਟਮ ਮੌਕੇ ਸ਼ਰਾਰਤੀ ਅਨਸਰਾਂ ਵੱਲੋਂ ਵਿਧਾਇਕ ਕਾਕਾ ਲੋਹਗੜ੍ਹ ’ਤੇ ਕੀਤੇ ਹਮਲੇ ਦੀ ਵਿਧਾਇਕ ਡਾ: ਹਰਜੋਤ ਕਮਲ ਅਤੇ ਵਿਧਾਇਕ ਦਰਸ਼ਨ ਬਰਾੜ ਨੇ ਕੀਤੀ ਸਖਤ ਨਿੰਦਾ

ਮੋਗਾ,2 ਦਸੰਬਰ (ਜਸ਼ਨ): ਪਿਛਲੇ ਦਿਨੀਂ ਧਰਮਕੋਟ ਹਲਕੇ ਦੇ ਪਿੰਡ ਮਸਤੇਵਾਲਾ ਵਿਖੇ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਕਾਰਨ ਨੌਜਵਾਨ ਦੀ ਹੋਈ ਮੌਤ ਉਪਰੰਤ ਅੱਜ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਗਏ ਵਿਧਾਇਕ ਕਾਕਾ ਲੋਹਗੜ੍ਹ ’ਤੇ ਮੋਗਾ ਹਸਪਤਾਲ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਹਮਲੇ ਦੀ ਨਿਖੇਧੀ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਅਤੇ ਵਿਧਾਇਕ ਦਰਸ਼ਨ ਬਰਾੜ ਨੇ ਆਖਿਆ ਕਿ ਲੋਕਾਂ ਦੇ ਚੁਣੇ ਨੁਮਾਇੰਦੇ ’ਤੇ ਹਮਲੇ ਦੀ ਉਹ ਸਖਤ ਨਿੰਦਾ ਕਰਦੇ ਹਨ । ਡਾ: ਹਰਜੋਤ ਕਮਲ   ਨੇ ਆਖਿਆ ਕਿ ਕਾਕਾ ਲੋਹਗੜ੍ਹ ਨੌਜਵਾਨ ਦੀ ਮੌਤ ’ਤੇ ਜਨਤਕ ਤੌਰ ’ਤੇ ਦੁੱਖ ਵੀ ਪ੍ਰਗਟ ਕਰ ਚੁੱਕੇ ਸਨ ਅਤੇ ਪੀੜਤ ਪਰਿਵਾਰ ਨਾਲ ਉਹਨਾਂ ਦੇ ਗ੍ਰਹਿ ਵਿਖੇ ਜਾ ਕੇ ਹਮਦਰਦੀ ਦਾ ਇਜ਼ਹਾਰ ਵੀ ਕਰ ਚੁੱਕੇ ਸਨ ਪਰ ਅੱਜ ਮਿ੍ਰਤਕ ਦਾ ਪੋਸਟ ਮਾਰਟਮ ਕਰਵਾਉਣ ਲਈ ਪਰਿਵਾਰ ਨਾਲ ਖੜ੍ਹੇ ਹੋਣ ਵਾਸਤੇ ਉਹ ਮੋਗਾ ਹਸਪਤਾਲ ਪਹੰੁਚੇ ਸਨ ਪਰ ਇਸ ਮੌਕੇ ਕੁਝ ਜਥੇਬੰਦੀਆਂ ਵੱਲੋਂ ਸਿਆਸੀ ਲਾਹਾ ਲੈਣ ਲਈ ਕਾਕਾ ਲੋਹਗੜ੍ਹ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਇਸੇ ਦੌਰਾਨ ਇੱਕਾ ਦੁੱਕਾ ਸ਼ਰਾਰਤੀ ਅਨਸਰਾਂ ਨੇ ਕਾਕਾ ਲੋਹਗ੍ਹੜ ਦੀ ਗੱਡੀ ’ਤੇ ਹਮਲਾ ਕੀਤਾ ਜੋ ਕਿ ਬੇਹੱਦ ਨਿੰਦਣਯੋਗ ਘਟਨਾ ਹੈ । ਵਿਧਾਇਕ ਡਾ: ਹਰਜੋਤ ਨੇ ਆਖਿਆ ਕਿ ਜਥੇਬੰਦੀਆਂ ਨੂੰ ਇਹ ਸਮਝ ਲੇਣਾ ਚਾਹੀਦਾ ਹੈ ਕਿ ਜੇ ਕਿਸੇ ਮੰਦਭਾਗੀ ਘਟਨਾ ’ਤੇ ਹਮਦਰਦੀ ਪ੍ਰਗਟਾਉਣ ਗਏ ਲੋਕਾਂ ਦੇ ਚੁਣੇ ਨੁਮਾਇੰਦਿਆਂ ਜਾਂ ਸਿਆਸੀ ਆਗੂਆਂ ’ਤੇ ਇੰਜ ਹਮਲਾ ਕੀਤਾ ਜਾਂਦਾ ਹੈ ਤਾਂ ਭਵਿੱਖ ਵਿਚ ਸਿਆਸੀ ਆਗੂ ਆਪਣੇ ਹੀ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਅਤੇ ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਉਹਨਾਂ ਦੇ ਨਾਲ ਖੜ੍ਹਨ ਵਾਸਤੇ ਮੌਕੇ ’ਤੇ ਜਾਂ ਫਿਰ ਉਹਨਾਂ ਦੇ ਘਰੀਂ ਜਾਣ ਤੋਂ ਗੁਰੇਜ਼ ਕਰਨਗੇ ,ਜੋ ਕਿ ਸਮਾਜ ਅਤੇ ਲੋਕਤੰਤਰ ਲਈ ਚੰਗੀ ਪਿਰਤ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਲੋਕ ਹਿਤੈਸ਼ੀ ਕਹਾਉਣ ਵਾਲੀਆਂ ਜਥੇਬੰਦੀਆਂ ਨੂੰ ਅਜਿਹੇ ਸੰਵੇਦਨਸ਼ੀਲ ਮੁੱਦਿਆਂ ’ਤੇ ਸ਼ਾਤੀ ਵਾਲਾ ਮਾਹੌਲ ਬਣਾਉਣ ਲਈ ਪ੍ਰਸ਼ਾਸਨ ਅਤੇ ਪੁਲਿਸ ਦੀ ਸਹਾਇਤਾ ਕਰਨੀ ਚਾਹੀਦੀ ਹੈ ,ਤਾਂ ਕਿ ਸ਼ਰਾਰਤੀ ਅਨਸਰ ,ਮਾਹੌਲ ਖਰਾਬ ਨਾ ਕਰ ਸਕਣ। ਵਿਧਾਇਕ ਡਾ: ਹਰਜੋਤ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਉਹ ਨੌਜਵਾਨ ਦੀ ਮੌਤ ’ਤੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਨ । 
                 ਓਧਰ ਵਿਧਾਇਕ ਕਾਕਾ ਲੋਹਗੜ੍ਹ ਨੇ ਵੀ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਵੀਡੀਓ ਵਿਚ ਆਖਿਆ ਹੈ ਕਿ ਮਿ੍ਰਤਕ ਦੇ ਪਿਤਾ ਨਾਲ ਉਹਨਾਂ ਦੇ ਕਈ ਸਾਲ ਪੁਰਾਣੇ ਸਬੰਧ ਹਨ ਜਦਕਿ ਗੋਲੀ ਚਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਉਹ ਜਾਣਦੇ ਤੱਕ ਨਹੀਂ। ਕਾਕਾ ਲੋਹਗੜ੍ਹ ਨੇ ਆਖਿਆ ਕਿ ਐੱਫ ਆਈ ਆਰ ਵਿਚ ਪੰਜ ਵਿਅਕਤੀਆਂ ’ਤੇ ਬਕਾਇਦਾ ਮਾਮਲਾ ਦਰਜ ਹੋ ਚੁੱਕਾ ਹੈ ਅਤੇ ਇਕ ਵਿਅਕਤੀ ਨੂੰ ਗਿ੍ਰਫਤਾਰ ਵੀ ਕੀਤਾ ਜਾ ਚੁੱਕਾ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ