ਕਬੱਡੀ ਟੂਰਨਾਮੈਂਟ 2019 ਦੇ ਸਮੁੱਚੇ ਮੈਚਾਂ ਦੀ ਸਮਾਂਸਾਰਨੀ ਜਾਰੀ,3 ਦਸੰਬਰ ਨੂੰ ਹੋਣਗੇ ਭਾਰਤ-ਇੰਗਲੈਂਡ ਅਤੇ ਕੈਨੇਡਾ-ਅਮਰੀਕਾ ਦੀਆਂ ਟੀਮਾਂ ਵਿਚਕਾਰ ਮੁਕਾਬਲੇ

ਚੰਡੀਗੜ੍ਹ, 2 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 2019 ਦੇ ਸਾਰੇ ਮੈਚਾਂ ਦੀ ਸਮਾਂਸਾਰਨੀ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 3 ਦਸੰਬਰ 2019 ਨੂੰ ਅੰਮਿ੍ਰਤਸਰ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕਬੱਡੀ ਦੇ ਮੁਕਾਬਲੇ ਹੋਣਗੇ। ਪਹਿਲਾ ਮੁਕਾਬਲਾ ਭਾਰਤ ਅਤੇ ਇੰਗਲੈਂਡ ਵਿਚਕਾਰ ਅਤੇ ਦੂਜਾ ਕੈਨੇਡਾ ਅਤੇ ਅਮਰੀਕਾ ਵਿਚਕਾਰ ਹੋਵੇਗਾ। ਇਸੇ ਤਰ੍ਹਾਂ ਹੀ 4 ਦਸੰਬਰ ਨੂੰ ਗੁਰੂ ਰਾਮ ਦਾਸ ਸਪੋਰਟਸ ਸਟੇਡੀਅਮ ਗੁਰੂ ਹਰਸਹਾਏ (ਫਿਰੋਜ਼ਪੁਰ) ਵਿਖੇ ਮੈਚ ਹੋਣਗੇ। ਇਸ ਦਿਨ ਪਹਿਲਾ ਮੈਚ ਭਾਰਤ ਅਤੇ ਸ੍ਰੀਲੰਕਾ ਵਿੱਚਕਾਰ, ਦੂਜਾ ਮੈਚ ਇੰਗਲੈਂਡ ਤੇ ਅਸਟਰੇਲੀਆ ਅਤੇ ਤੀਜਾ ਮੈਚ ਕੈਨੇਡਾ ਤੇ ਨਿਊਜ਼ੀਲੈਂਡ ਵਿੱਚਕਾਰ ਹੋਵੇਗਾ। 5 ਦਸੰਬਰ ਨੂੰ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਪਹਿਲਾ ਮੈਚ ਭਾਰਤ ਤੇ ਅਸਟਰੇਲੀਆ ਅਤੇ ਦੂਜਾ ਅਮਰੀਕਾ ਅਤੇ ਕੀਨੀਆ ਵਿੱਚਕਾਰ ਹੋਵੇਗਾ।ਇਸੇ ਤਰ੍ਹਾਂ ਹੀ 6 ਦਸੰਬਰ ਨੂੰ ਪੋਲੋ ਗਰਾੳੂਂਡ ਪਟਿਆਲਾ ਵਿਖੇ ਪਹਿਲਾ ਮੁਕਾਬਲਾ ਸ੍ਰੀ ਲੰਕਾ ਤੇ ਅਸਟਰੇਲੀਆ ਅਤੇ ਦੂਜਾ ਮੁਕਾਬਲਾ ਨਿਊਜ਼ੀਲੈਂਡ ਤੇ ਕੀਨੀਆ ਵਿੱਚਕਾਰ ਹੋਵੇਗਾ।ਸੈਮੀਫਾਈਨਲ ਮੈਚ ਚਰਨਗੰਗਾ ਸਪੋਰਟਸ ਸਟੇਡੀਅਮ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣਗੇ।  ਇਸ ਵਿੱਚ ਪਹਿਲਾ ਮੁਕਾਬਲਾ ਪੂਲ ‘ਏ’ ਦੇ ਜੇਤੂ ਦਾ ਪੂਲ ‘ਬੀ’ ਦੇ ਦੂਜੇ ਨੰਬਰ ਦੀ ਟੀਮ ਨਾਲ ਹੋਵੇਗਾ ਜਦਕਿ ਦੂਜਾ ਮੈਚ ਗਰੁੱਪ ‘ਬੀ’ ਦੇ ਜੇਤੂ ਦਾ ਗਰੁੱਪ ‘ਏ’ ਦੇ ਦੂਜੇ ਨੰਬਰ ਦੀ ਆਈ ਟੀਮ ਨਾਲ ਹੋਵੇਗਾ।ਟੂਰਨਾਮੈਂਟ ਦੇ ਆਖਰੀ ਦਿਨ ਫਾਈਨਲ ਮੁਕਾਬਲੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਹੋਣਗੇ। ਇਸ ਵਿੱਚ ਪਹਿਲਾ ਮੁਕਾਬਲਾ ਤੀਜੇ ਅਤੇ ਚੌਥੇ ਸਥਾਨ ਲਈ ਹੋਵੇਗਾ ਅਤੇ ਉਸ ਤੋਂ ਬਾਅਦ ਫਾਈਨਲ ਮੁਕਾਬਲਾ ਹੋਵੇਗਾ। ਅਖੀਰ ਵਿੱਚ ਸਮਾਪਨ ਸਮਾਰੋਹ ਹੋਵੇਗਾ। ਇਹ ਮੈਚ ਰੋਜ਼ਾਨਾ ਸਵੇਰੇ 11 ਵਜੇ ਸ਼ੁਰੂ ਹੋਇਆ ਕਰਨਗੇ ਅਤੇ ਸਮਾਪਤ ਹੋਣ ਤੱਕ ਚੱਲਣਗੇ।ਗੌਰਤਲਬ ਹੈ ਕਿ ਟੂਰਨਾਮੈਂਟ ਦੇ ਉਦਘਾਟਨ ਵਾਲੇੇ ਦਿਨ ਪਹਿਲੀ ਦਸੰਬਰ ਨੂੰ ਸ੍ਰੀ ਲੰਕਾ ਅਤੇ ਇੰਗਲੈਂਡ, ਕੈਨੇਡਾ ਤੇ ਕੀਨੀਆ ਅਤੇ ਅਮਰੀਕਾ ਤੇ ਨਿਊਜ਼ੀਲੈਂਡ ਵਿਚਕਾਰ ਮੈਚ ਹੋ ਚੁੱਕੇ ਹਨ ਅਤੇ 2 ਦਸਬੰਰ ਨੂੰ ਅਰਾਮ ਦਾ ਦਿਨ ਸੀ। ਗਰੁੱਪ ‘ਏ’ ਵਿੱਚ ਭਾਰਤ, ਇੰਗਲੈਂਡ, ਅਸਟਰੇਲੀਆ ਅਤੇ ਸ੍ਰੀ ਲੰਕਾ ਹਨ ਜਦਕਿ ਗਰੁਪ ‘ਬੀ’ ਵਿੱਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ।