ਗੁਰੂ ਤੇਗ ਬਹਾਦਰ ਜੀ ਨੇ ਅਦੁੱਤੀ ਸ਼ਹਾਦਤ ਦੇ ਕੇ ਸੰਸਾਰ ਸ਼ਾਂਤੀ, ਏਕਤਾ ਤੇ ਧਾਰਮਿਕ ਸਦਭਾਵਨਾ ਸਥਾਪਤ ਕੀਤੀ: ਰੰਧਾਵਾ

ਚੰਡੀਗੜ੍ਹ, 1 ਦਸੰਬਰ :(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : “ਆਪਣੀ ਆਤਮਾ ਦੀ ਆਵਾਜ ਨਾਲ ਧਰਮ ਅਪਣਾਉਣ ਦੇ ਹੱਕ ਖਾਤਰ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਦੁੱਤੀ ਸ਼ਹਾਦਤ ਦਿੱਤੀ ਤਾਂ ਜੋ ਸੰਸਾਰ ਵਿੱਚ ਸ਼ਾਂਤੀ ਬਹਾਲੀ ਤੇ ਏਕਤਾ ਸਥਾਪਤ ਹੋ ਸਕੇ। ਗੁਰੂ ਸਾਹਿਬ ਦਾ ਵਿਚਾਰ ਸੀ ਕਿ ਧਾਰਮਿਕ ਸਦਭਾਵਨਾ ਤਾਂ ਹੀ ਕਾਇਮ ਹੋ ਸਕਦੀ ਹੈ ਜੇਕਰ ਕਿਸੇ ਵਿਅਕਤੀ ਉਤੇ ਧਰਮ ਤਬਦੀਲ ਕਰਨ ਲਈ ਦਬਾਅ ਜਾਂ ਉਨ੍ਹਾਂ ਉਪਰ ਕੋਈ ਫੈਸਲਾ ਠੋਸਿਆ ਨਾ ਜਾ ਸਕੇ।”ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਐਤਵਾਰ ਨੂੰ ਇਥੇ ਸੈਕਟਰ 29 ਸਥਿਤ ਸਰਵ ਭਾਰਤੀ ਸ਼ਾਂਤੀ ਤੇ ਏਕਤਾ ਸੰਸਥਾ (ਪੰਜਾਬ) ਵੱਲੋਂ ਬਾਬਾ ਸੋਹਣ ਸਿੰਘ ਭਕਨਾ ਭਵਨ ਦੇ ਗੁਰੂ ਨਾਨਕ ਦੇਵ ਜੀ ਹਾਲ ਵਿਖੇ ਕਰਵਾਈ ਸੂਬਾਈ ਕਾਨਫਰੰਸ ਨੂੰ ਆਪਣੇ ਸੰਬੋਧਨ ਵਿੱਚ ਕੀਤਾ।ਸ. ਰੰਧਾਵਾ ਨੇ ਕਿਹਾ ਕਿ ਅੱਜ ਨੌਵੇ ਪਾਤਸ਼ਾਹ ਦੀ ਸ਼ਹਾਦਤ ਵਾਲੇ ਦਿਨ ਸ਼ਾਂਤੀ ਤੇ ਏਕਤਾ ਉੱਪਰ ਕਾਨਫਰੰਸ ਕਰਵਾ ਕੇ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਜੁਲਮ ਵਿਰੁੱਧ ਆਪਣੀ ਸ਼ਹਾਦਤ ਦੇ ਕੇ ਹੱਕ-ਸੱਚ ਦੀ ਆਵਾਜ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗੁਰੂਆਂ ਦੀ ਵਿਚਾਰਧਾਰਾ ਅਤੇ ਫਲਸਫੇ ਨੂੰ ਅਪਣਾਉਣ ਦੀ ਸਭ ਤੋਂ ਵੱਡੀ ਲੋੜ ਹੈ।ਸ. ਰੰਧਾਵਾ ਨੇ ਕਿਹਾ ਕਿ ਦੱਖਣ-ਏਸ਼ਿਆਈ ਖਿੱਤੇ ਦੀ ਤਰੱਕੀ ਸਿਰਫ ਅਮਨ, ਸ਼ਾਂਤੀ ਨਾਲ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿੱਚੋਂ ਗੁਰਬਤ, ਜਲਾਲਤ, ਅਨਪੜ੍ਹਤਾ ਨੂੰ ਖਤਮ ਕਰਨ ਲਈ ਸ਼ਾਂਤੀ ਦੀ ਸਥਾਪਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬੁੱਧੀਜੀਵੀ ਵਰਗ ਹੀ ਆਪਣੀ ਲਿਆਕਤ ਅਤੇ ਸੁਚੱਜੇ ਮਾਰਗ ਦਰਸ਼ਨ ਨਾਲ ਅਜਿਹੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਉਨ੍ਹਾਂ ਕਿਹਾ ਲੇਖਕ ਤੇ ਕਵੀ ਆਪਣੀਆਂ ਲਿਖਤਾਂ ਤੇ ਕਵਿਤਾਵਾਂ ਨਾਲ ਲੋਕਾਂ ਦੀ ਅਲਖ ਜਗਾਉਣ ਦੀ ਸਮਰੱਥਾ ਰੱਖਦੇ ਹਨ।ਸ. ਰੰਧਾਵਾ ਨੇ ਅੱਗੇ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਨਾਲ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਤਰੱਕੀ ਦੇ ਰਾਹ ਖੁੱਲ੍ਹੇ ਹਨ। ਜਗਤ ਗੁਰੂ ਬਾਬਾ ਨਾਨਕ ਜੀ ਨੇ ਜੋ ਸਾਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ, ਉਹ ਇਸ ਲਾਂਘੇ ਦਾ ਖੁੱਲ੍ਹਣ ਨਾਲ ਹੋਰ ਫੈਲੇਗਾ। ਉਨ੍ਹਾਂ ਕਿਹਾ ਕਿ ਜੇਕਰ ਵਾਹਗਾ ਸਰਹੱਦ ਦੇ ਆਰ-ਪਾਰ ਵਪਾਰ ਖੁੱਲ੍ਹ ਜਾਵੇ ਤਾਂ ਦੋਵੇਂ ਪਾਸਿਆਂ ਦੇ ਕਿਸਾਨਾਂ ਦੀ ਆਰਥਿਕਤਾ ਸੁਧਰ ਸਕਦੀ ਹੈ। ਉਨ੍ਹਾਂ ਕਿਹਾ, “ਮੈਂ ਸਰਹੱਦੀ ਖੇਤਰ ਦਾ ਵਸਨੀਕ ਹੋਣ ਕਰਕੇ ਦੇਸ ਦੀ ਵੰਡ ਅਤੇ ਜੰਗ ਦੇ ਸਮੇਂ ਹੋਏ ਨੁਕਸਾਨ ਤੋਂ ਭਲੀ-ਭਾਂਤ ਜਾਣੂੰ ਹੈ ਅਤੇ ਜਿਸ ਨੇ ਉਜਾੜੇ ਅਤੇ ਜੰਗ ਦੇ ਦਰਦ ਸੀਨੇ ਹੰਢਾਇਆ ਹੋਇਆ ਹੋਵੇ, ਉਹ ਸਦਾ ਸ਼ਾਂਤੀ ਦੀ ਕਾਮਨਾ ਰੱਖਦੇ ਹਨ।”ਸਹਿਕਾਰਤਾ ਮੰਤਰੀ ਨੇ ਖੱਬੇ ਪੱਖੀ ਲਹਿਰ ਦੇ ਕਮਜੋਰ ਹੋਣ ਉਤੇ ਅਫਸੋਸ ਜਾਹਰ ਕਰਦਿਆਂ ਕਿਹਾ ਕਿ ਸਮਾਜ ਵਿੱਚ ਸੰਤੁਲਨ ਬਣਾਉਣ ਲਈ ਇਹ ਲਹਿਰ ਬਹੁਤ ਜਰੂਰੀ ਸੀ। ਉਨ੍ਹਾਂ ਅੱਜ ਦੀ ਇਸ ਕਾਨਫਰੰਸ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਇਹ ਵੀ ਸੱਦਾ ਦਿੱਤਾ ਕਿ ਅਗਲੀ ਕਾਨਫਰੰਸ ਉਹ ਸਰਹੱਦੀ ਖੇਤਰ ਵਿੱਚ ਗੁਰਦਾਸਪੁਰ ਜਾਂ ਅੰਮਿ੍ਰਤਸਰ ਕਰਵਾਈ ਜਾਵੇ ਜਿੱਥੋਂ ਦੇ ਲੋਕ ਸਰਹੱਦਾਂ ਉਤੇ ਅਸ਼ਾਂਤੀ ਦੇ ਦੌਰ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।ਸ ਰੰਧਾਵਾ ਵੱਲੋਂ ਸੁਖਦੇਵ ਸਿੰਘ ਵੱਲੋਂ ਜੰਡਿਆਲਾ ਵਿੱਚ ਭਾਂਡੇ ਬਣਾਉਣ ਵਾਲੇ ਠਠਿਆਰਾਂ ਬਾਰੇ ਲਿਖੀ ਪੁਸਤਕ ਵੀ ਰਿਲੀਜ ਕੀਤੀ।ਇਸ ਕਾਨਫਰੰਸ ਵਿੱਚ ਨਵੀਂ ਦਿੱਲੀ ਸਥਿਤ ਫਿਲਸਤੀਨ ਅੰਬੈਸੀ ਦੇ ਕੌਸਲਰ ਅਬਦੇਲਰਾਜੇਗ ਅੱਬੂ ਜਾਜਗਰ, ਏ.ਆਈ.ਪੀ.ਐਸ.ਓ. ਦੇ ਜਨਰਲ ਸਕੱਤਰ ਪੱਲਬ ਸੇਨ ਗੁਪਤਾ ਤੇ ਆਰ. ਅਰੁਣ ਕੁਮਾਰ, ਸੀ ਪੀ ਆਈ ਦੇ ਜਨਰਲ ਸਕੱਤਰ ਬੰਤ ਬਰਾੜ, ਸੰਸਥਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਹਰਬੰਸ ਸਿੰਘ ਸਿੱਧੂ, ਜਨਰਲ ਸਕੱਤਰ ਰਾਜੇਸ਼ ਲਾਲ ਮੌਦਗਿੱਲ, ਐਡਵੋਕੇਟ ਹਰਚੰਦ ਬਾਠ, ਪ੍ਰੋ ਰਬਿੰਦਰ ਨਾਥ ਸ਼ਰਮਾ ਨੇ ਵੀ ਆਪਣੇ ਵਿਚਾਰ ਪ੍ਰਗਟਾਏ।