ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ ਮੰਤਰੀ ਦੇ ਖੁਲਾਸੇ ਨੇ ਗੁਆਂਢੀ ਮੁਲਕ ਦੇ ਨਾਪਾਕ ਇਰਾਦਿਆਂ ਤੋਂ ਪਰਦਾ ਚੁੱਕਿਆ-ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 1 ਦਸੰਬਰ  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਪਾਕਿਸਤਾਨ ਦੇ ਰੇਲਵੇ ਮੰਤਰੀ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਪਿੱਛੇ ਉਥੋਂ ਦੇ ਫੌਜ ਮੁਖੀ ਜਨਰਲ ਕਾਮਰ ਜਾਵੇਦ ਬਾਜਵਾ ਦੇ ਦਿਮਾਗ ਦੀ ਕਾਢ ਹੋਣ ਦੇ ਕੀਤੇ ਖੁਲਾਸੇ ਨੇ ਇਸ ਕਦਮ ਪਿੱਛੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਤੋਂ ਪਰਦਾ ਚੁੱਕ ਦਿੱਤਾ ਹੈ।  ਪਾਕਿਸਤਾਨ ਦੇ ਮੰਤਰੀ ਦੇ ਇਸ ਖੁਲਾਸੇ ’ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਆਪਣੇ ਸਟੈਂਡ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਸ਼ਿਦ ਨੇ ਇਸ ਲਾਂਘੇ ਪਿੱਛੇ ਪਾਕਿਸਤਾਨ ਦੇ ਇਰਾਦਿਆਂ ਨੂੰ ਪੂਰੀ ਤਰ੍ਹਾਂ ਨੰਗਾ ਕਰਕੇ ਰੱਖ ਦਿੱਤਾ ਹੈ ਜਦਕਿ ਭਾਰਤ ਨੂੰ ਉਮੀਦ ਸੀ ਕਿ ਇਹ ਪੁਲ ਦੋਵਾਂ ਮੁਲਕਾਂ ਦਰਮਿਆਨ ਸ਼ਾਂਤੀ ਦੇ ਪੁਲ ਵਜੋਂ ਉਭਰੇਗਾ।  ਮੁੱਖ ਮੰਤਰੀ ਨੇ ਰਾਸ਼ਿਦ ਦੀ ਟਿੱਪਣੀ ਦਾ ਵੀ ਸਖ਼ਤ ਨੋਟਿਸ ਲਿਆ ਕਿ ‘‘ਇਹ ਲਾਂਘਾ ਭਾਰਤ ਨੂੰ ਠੇਸ ਪਹੁੰਚਾਏਗਾ ਅਤੇ ਕਰਤਾਰਪੁਰ ਲਾਂਘੇ ਰਾਹੀਂ ਜਨਰਲ ਬਾਜਵਾ ਦੁਆਰਾ ਦਿੱਤਾ ਜ਼ਖਮ ਹਮੇਸ਼ਾ ਰੜਕਦਾ ਰਹੇਗਾ।’’ ਇਸ ਨੂੰ ਭਾਰਤ ਦੀ ਸੁਰੱਖਿਆ ਅਤੇ ਅਖੰਡਤਾ ਵਿਰੁੱਧ ਖੁੱਲ੍ਹੇਆਮ ਅਤੇ ਸਪੱਸ਼ਟ ਖਤਰਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਗੁਆਂਢੀ ਮੁਲਕ ਕਿਸੇ ਤਰ੍ਹਾਂ ਦੀ ਗਲਤਫਹਿਮੀ ਪੈਦਾ ਕਰਨ ਦਾ ਯਤਨ ਨਾ ਕਰੇ।  ਮੁੱਖ ਮੰਤਰੀ ਨੇ ਤਾੜਨਾ ਕੀਤੀ ਕਿ ‘‘ਲਾਂਘਾ ਖੁੱਲ੍ਹਣ ਲਈ ਸਾਡੇ ਵੱਲੋਂ ਕੀਤੇ ਧੰਨਵਾਦ ਨੂੰ ਕਮਜ਼ੋਰੀ ਸਮਝਣ ਦੀ ਭੁੱਲ ਨਾ ਕਰੋ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦਾਂ ਤੇ ਲੋਕਾਂ ’ਤੇ ਹਮਲੇ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਭਾਰਤ ਮੂੰਹ ਤੋੜਵਾਂ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੀ ਕੀਮਤ ’ਤੇ ਉਸ ਵਿਰੁੱਧ ਪਾਕਿਸਤਾਨ ਦੀਆਂ ਘਾਤਕ ਕੋਸ਼ਿਸ਼ਾਂ ਨੂੰ ਨੇਪਰੇ ਨਹੀਂ ਚੜ੍ਹਨ ਦੇਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਜਾਣ ਵਾਲੇ ਅਜਿਹੇ ਕਿਸੇ ਵੀ ਯਤਨ ਦਾ ਇਹੋ ਜਿਹਾ ਬਦਲਾ ਲਿਆ ਜਾਵੇਗਾ ਕਿ ਉਹ ਬਚ ਵੀ ਨਹੀਂ ਸਕਣਗੇ। ਕੈਪਟਨ ਅਮਰਿੰਦਰ ਸਿੰਘ ਨੇ ਚੇਤੇ ਕੀਤਾ ਕਿ ਉਹ ਹਮੇਸ਼ਾ ਇਹੀ ਕਹਿੰਦੇ ਆਏ ਹਨ ਕਿ ਇਕ ਸਿੱਖ ਹੋਣ ਦੇ ਨਾਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਉਨ੍ਹਾਂ ਦੀ ਬਹੁਤ ਖੁਸ਼ੀ ਹੋਈ ਹੈ ਜਿਸ ਨਾਲ ਭਾਰਤੀ ਸ਼ਰਧਾਲੂ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ ਪਰ ਨਾਲ ਹੀ ਇਸ ਨਾਲ ਸਾਡੇ ਮੁਲਕ ਨੂੰ ਦਰਪੇਸ਼ ਖਤਰੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਸਲੇ ’ਤੇ ਵਾਰ-ਵਾਰ ਸਾਵਧਾਨੀ ਵਰਤਣ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਸ ਲਾਂਘੇ ਰਾਹੀਂ ਪਾਕਿਸਤਾਨ ਵੱਲੋਂ ਸਿੱਖਾਂ ਦਾ ਦਿਲ ਜਿੱਤਣ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ ਤਾਂ ਕਿ ਆਈ.ਐਸ.ਆਈ. ਦੀ ਸ਼ਹਿ ਪ੍ਰਾਪਤ ਰਿਫਰੈਂਡਮ-2020 ਦੇ ਏਜੰਡੇ  ਨੂੰ ਅੱਗੇ ਵਧਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਤੱਥਾਂ ਤੋਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕਾ ਹੈ ਅਤੇ ਖਾਸ ਤੌਰ ’ਤੇ ਇਹ ਕਿ ਬਾਜਵਾ ਨੇ ਇਮਰਾਨ ਖਾਨ ਦੇ ਹਲਫ਼ ਸਮਾਰੋਹ ਦੌਰਾਨ ਨਵਜੋਤ ਸਿੰਘ ਸਿੱਧੂ ਕੋਲ ਲਾਂਘੇ ਦੇ ਨਿਰਮਾਣ ਬਾਰੇ ਪਾਕਿਸਤਾਨ ਦੇ ਫੈਸਲੇ ਦਾ ਖੁਲਾਸਾ ਕੀਤਾ ਸੀ। ਇਸ ਬਾਰੇ ਲੰਮਾਂ ਸਮਾਂ ਪਹਿਲਾਂ ਕੀਤੇ ਜ਼ਿਕਰ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਇਮਰਾਨ ਨੇ ਤਾਂ ਉਸ ਵੇਲੇ ਅਹੁਦਾ ਵੀ ਨਹੀਂ ਸੰਭਾਲਿਆ ਸੀ, ਫਿਰ ਵੀ ਫੌਜ ਮੁਖੀ ਨੇ ਇਸ ਬਾਰੇ ਸਿੱਧੂ ਨਾਲ ਗੱਲ ਕੀਤੀ। ਇਹ ਕਿਵੇਂ ਸੰਭਵ ਹੈ ਕਿ ਲਾਂਘੇ ਦੇ ਫੈਸਲੇ ਪਿੱਛੇ ਬਾਜਵਾ ਨਹੀਂ ਸੀ।’’  ਪਾਕਿਸਤਾਨ ਦੇ ਮੰਤਰੀ ਵੱਲੋਂ ਕੀਤੇ ਖੁਲਾਸੇ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਸਿੱਧੂ ਨੂੰ ਵੀ ਅਪੀਲ ਕੀਤੀ ਕਿ ਉਹ ਇਮਰਾਨ ਖਾਨ ਸਰਕਾਰ ਨਾਲ ਪੇਸ਼ ਆਉਣ ਮੌਕੇ ਵਧੇਰੇ ਸਾਵਧਾਨੀ ਵਰਤਣ ਅਤੇ ਪਾਕਿ ਪ੍ਰਧਾਨ ਮੰਤਰੀ ਨਾਲ ਆਪਣੀ ਨਿੱਜੀ ਦੋਸਤੀ ਦਾ ਕਿਸੇ ਵੀ ਢੰਗ ਨਾਲ ਆਪਣੇ ਫੈਸਲੇ ’ਤੇ ਪ੍ਰਭਾਵ ਨਾ ਪੈਣ ਦੇਣ ਕਿਉਂਕਿ ਇਹ ਭਾਰਤ ਦੇ ਹਿੱਤਾਂ ਲਈ ਘਾਤਕ ਸਿੱਧ ਹੋ ਸਕਦਾ ਹੈ।