ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਹੋਇਆ ਆਸਾਨ ,ਸੇਵਾ ਕੇਂਦਰਾਂ ਰਾਹੀਂ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ, ਮੋਗਾ ਦੇ ਡਿਪਟੀ ਕਮਿਸ਼ਨਰ ਦਾ ਐਲਾਨ

ਮੋਗਾ 21 ਨਵੰਬਰ:(ਜਸ਼ਨ): ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜਾਰੀ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਜ਼ਿਲੇ ਦੇ ਸੇਵਾ ਕੇਂਦਰਾਂ ਵਿੱਚ ਆਨ ਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਰਜਿਸਟ੍ਰੇਸ਼ਨ ਜ਼ਿਲੇ ਦੇ ਸਮੂਹ 13 ਸੇਵਾ ਕੇਂਦਰਾਂ ਵਿਖੇ ਪਹਿਲੀ ਨਵੰਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਸੇਵਾ ਕੇਂਦਰਾਂ ਵਿਖੇ ਸਪੈਸ਼ਲ ਡੈਸਕ ਕਾਊਂਟਰ ਖੋਲੇ ਗਏ ਹਨ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਵੀ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੇ ਇੱਛੁਕ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਲਈ ਪੋਰਟਲ ਸ਼ੁਰੂ ਕੀਤਾ ਹੈ। ਉਨਾਂ ਹੋਰ ਦੱਸਿਆ ਕਿ ਸਾਰੇ ਸੇਵਾ ਕੇਂਦਰਾਂ ਵਿੱਚ ਰਜਿਸਟਰੇਸ਼ਨ ਸਬੰਧੀ ਅਰਜ਼ੀ ਫਾਰਮ ਉਪਲਬਧ ਹਨ ਅਤੇ ਜੇ ਕੋਈ ਨਾਗਰਿਕ ਆਪਣਾ ਫਾਰਮ ਦਸਤੀ ਤੌਰ ’ਤੇ ਭਰਵਾਉਣ ਲਈ ਸੇਵਾਵਾਂ ਲਵੇਗਾ ਤਾਂ ਉਸ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜ਼ਿਲੇ ਅੰਦਰ ਕੁੱਲ 13 ਸੇਵਾ ਕੇਂਦਰ ਹਨ, ਜਿਨਾਂ ਵਿੱਚੋਂ 1 ਜ਼ਿਲਾ ਪੱਧਰੀ ਸੇਵਾ ਕੇਂਦਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ, 1 ਨਗਰ ਨਿਗਮ ਮੋਗਾ, 1 ਨੇੜੇ ਗਿੱਲ ਪੈਲੇਸ ਮੋਗਾ,  ਉਪ ਮੰਡਲ ਤੇ ਧਰਮਕੋਟ, ਨਿਹਾਲ ਸਿੰਘ ਵਾਲਾ ਤੇ ਬਾਘਾਪੁਰਾਣਾ ਵਿਖੇ, ਸਬ-ਤਹਿਸੀਲ ਪੱਧਰ ਤੇ 4 ਸੇਵਾ ਕੇਦਰ ਸਮਾਲਸਰ, ਬੱਧਨੀ ਕਲਾਂ, ਅਜੀਤਵਾਲ ਤੇ ਕੋਟ ਈਸੇ ਖਾਂ ਤੋ ਇਲਾਵਾ 3 ਸੇਵਾ ਕੇਦਰ ਮਾੜੀ ਮੁਸਤਫਾ, ਜਲਾਲਾਬਾਦ ਅਤੇ ਫਤਹਿਗੜ ਪੰਜਤੂਰ ਵਿਖੇ ਪਿੰਡ ਪੱਧਰ ’ਤੇ ਮੌਜੂਦ ਹਨ। ਉਨਾਂ ਕਿਹਾ ਕਿ ਇਨਾਂ ਸਾਰੇ ਸੇਵਾ ਕੇਂਦਰਾਂ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਅਪਰੇਟਰਾਂ ਨੂੰ ਸਪੈਸ਼ਲ ਸਿਖਲਾਈ ਦਿੱਤੀ ਗਈ ਹੈ। ਇਹ ਸਹੂਲਤ ਸੇਵਾ ਕੇਂਦਰਾਂ ਦੇ ਅਪਰੇਟਰਾਂ ਦੇ ਈ ਸੇਵਾ ਕੇਂਦਰ ਲਾਗਇਨ ਉਤੇ ਪਹਿਲੀ ਨਵੰਬਰ 2019 ਤੋਂ ਉਪਲਬਧ ਹੈ। ਉਨਾਂ ਦੱਸਿਆ ਕਿ ਪੰਜਾਬ ਰਾਜ ਈ ਗਵਰਨੈਂਸ ਸੁਸਾਇਟੀ ਨੇ ਇਸ ਮੰਤਵ ਲਈ ਇਕ ਹੈਲਪਲਾਈਨ ਵੀ ਸਥਾਪਤ ਕੀਤੀ ਹੈ। ਜੇ ਕਿਸੇ ਸ਼ਰਧਾਲੂ ਨੂੰ ਰਜਿਸਟਰੇਸ਼ਨ ਦੌਰਾਨ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਹੈਲਪਲਾਈਨ ਨੰਬਰ 82838-42323 ਤੇ ਫ਼ੋਨ ਕਰ ਕੇ ਸਹਾਇਤਾ ਲੈ ਸਕਦਾ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ