ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ ਪੁਰਬ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਰਾਹ ਦੇ ਪਾਂਧੀ ਬਣ ਕੇ ਹੀ ਸਮਝਿਆ ਜਾ ਸਕਦਾ :- ਪੀ ਐੱਸ ਯੂ ਆਗੂ

Tags: 

ਮੋਗਾ,15 ਨਵੰਬਰ (ਜਸ਼ਨ):ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਡੀ.ਐਮ.ਕਾਲਜ ਮੋਗਾ ਵਿਖੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਜਦੋਂ ਕਿ ਚਾਰੇ ਪਾਸੇ ਹਨੇਰ ਪਸਰੀ ਹੋਈ ਹੈ,ਬੇਰੁਜਗਾਰੀ, ਭੁੱਖਮਰੀ, ਗ਼ਰੀਬੀ ਦਿਨੋ ਦਿਨ ਵਧਦੀ ਜਾ ਰਹੀ ਹੈ, ਕਿਰਤੀ ਲੋਕਾਂ ਦੀ ਲੁੱਟ ਹੋ ਰਹੀ ਹੈ ,ਤਾਂ ਅਜਿਹੇ ਸਮੇਂ ਗੁਰੂ ਨਾਨਕ ਦੇਵ ਜੀ ਦੇ ਰਾਹ ਨੂੰ ਅਪਣਾਉਣ ਦੀ ਲੋੜ ਹੈ । ਉਹਨਾਂ ਕਿਹਾ ਕਿ ਮੌਜੂਦਾ ਸਮੇਂ ਦੇ ਬਾਬਰ ਨੂੰ ਦੁਬਾਰਾ ਲਲਕਾਰਨ ਦੀ ਲੋੜ ਹੈ । ਅੱਜ ਫੇਰ ਮਲਿਕ ਭਾਗੋ ਵਰਗੇ ਭਾਈ ਲਾਲੋਆਂ ਦਾ ਖੂਨ ਚੂਸ ਰਹੇ ਹਨ ਤੇ ਉਹ ਹੀ ਮਲਿਕ ਭਾਗੋ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੇ ਵੱਡੇ ਵੱਡੇ ਵੱਡੇ ਸਮਾਗਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਕਰਾਮਾਤੀ ਬਣਾ ਕੇ ਪੇਸ਼ ਕਰ ਰਹੇ ਹਨ । ਅਜਿਹੇ ਸਮੇਂ ਕਿਰਤ ਕਰੋ ਤੇ ਵੰਡ ਛਕੋ ਦਾ ਉਪਦੇਸ਼ ਦੇਣ ਵਾਲੇ ਬਾਬੇ ਨਾਨਕ ਨੂੰ ਪਛਾਨਣ ਦੀ ਲੋੜ ਹੈ । ਉਹਨਾਂ ਕਿਹਾ ਕਿ ਵੱਡੇ ਵੱਡੇ ਸਮਾਗਮ ਕਰਕੇ ਦੇਸੀ ਘਿਉ ਦੇ ਦੀਵੇ ਬਾਲ ਕੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਨਹੀਂ ਸਮਝਿਆ ਜਾ ਸਕਦਾ । ਅਸਲ ਵਿਚ ਉਹਨਾ ਦੀ ਵਿਚਾਰਧਾਰਾ ਨੂੰ ਉਨ੍ਹਾਂ ਦੇ ਰਾਹ ਦੇ ਪਾਂਧੀ ਬਣ ਕੇ ਹੀ ਸਮਝਿਆ ਜਾ ਸਕਦਾ ਹੈ । ਸਾਨੂੰ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਣਾ ਚਾਹੀਦਾ ਹੈ ,ਜੋ ਕਿ ਉਨ੍ਹਾਂ ਦੁਆਰਾ ਰਚਿਤ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਹੀ ਸਮਝੀ ਜਾ ਸਕਦੀ ਹੈ। ਕਾਲਜ ਕਮੇਟੀ ਸਕੱਤਰ ਸੁਖਵਿੰਦਰ ਸਿੰਘ ਅਤੇ ਕਿਰਨਦੀਪ ਕੌਰ ਨੇ ਕਿਹਾ ਕਿ ਸਾਨੂੰ ਬਾਬੇ ਨਾਨਕ ਦੇ ਵਿਚਾਰਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਲੋਕਾਂ ਵਿੱਚ ਲੈ ਕੇ ਜਾਣਾ ਚਾਹੀਦਾ ਹੈ। ਇਸ ਮੌਕੇ ਨਵਜੋਤ ਕੌਰ ,ਮਾਨਸੀ ਦਵਿੰਦਰ ਸਿੰਘ ,ਵਿਕਾਸ ,ਸਾਦਿਤ ਅਰੋੜਾ ,ਨਵੀਨ ਸਰਮਾ, ਭੁਪਿੰਦਰ ਸਿੰਘ ,ਸਿਮਰਨਜੀਤ ਸਿੰਘ ਅਤੇ ਕਈ ਹੋਰ ਵਿਦਿਆਰਥੀ ਹਾਜ਼ਰ ਸਨ ।