ਗੁਰਦੁਆਰਾ ਚੰਦਪੁਰਾਣਾ ਵਿਖੇ ਹਜ਼ਾਰਾਂ ਸੰਗਤਾਂ ਦੇ ਵੱਗਦੇ ਦਰਿਆ ਨੇ ਗੁਰ ਨਾਨਕ ਸਾਹਿਬ ਨੂੰ ਭੇਂਟ ਕੀਤੇ ਅਕੀਦਤ ਦੇ ਫੁੱਲ,ਗੁਰੂ ਨਾਨਕ ਸਾਹਿਬ ਨੇ ਕਿਰਤ ਦੇ ਸਿਧਾਂਤ ਨਾਲ ਬੰਨ੍ਹਿਆਂ ਨਵੇਂ ਸਮਾਜ ਦਾ ਮੁੱਢ : ਬਾਬਾ ਗੁਰਦੀਪ ਸਿੰਘ

ਬਾਘਾ ਪੁਰਾਣਾ, 12 ਨਵੰਬਰ (ਜਸ਼ਨ): ਮਾਲਵੇ ਦੇ ਪ੍ਰਸਿੱਧ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਉਪਰੰਤ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ ਜਿਸ ਦੌਰਾਨ ਰਾਗੀ ਜਥਾ ਭਾਈ ਸੰਮਤ ਸਿੰਘ,ਭਾਈ ਗੁਰਚਰਨ ਸਿੰਘ, ਭਾਈ ਰਸੀਲਾ ਸਿੰਘ ਬਾਘਾ ਪੁਰਾਣਾ ਵਾਲੇ ਅਤੇ ਭਾਈ ਜਸਪਾਲ ਸਿੰਘ ਜੀ ਲੱਲਿਆਂ ਵਾਲੇ,ਭਾਈ ਇਕਬਾਲ ਸਿੰਘ ਨੱਥੂਵਾਲਾ ਵਾਲੇ ਆਦਿ ਜਥਿਆਂ ਨੇ ਖਲਕਤ ਦੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਇਕੱਤਰ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਆਖਿਆ ਕਿ ਸਾਨੂੰ ਅੱਜ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ। ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਪਹਿਲਾਂ ਪ੍ਰਵਚਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਨੇ ਆਖਿਆ ਕਿ  550 ਸਾਲ ਪਹਿਲਾਂ ਪੰਜਾਬ ਦੀ ਧਰਤੀ ’ਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਉਹ ਅਜਿਹੇ ਰਹਿਬਰ ਸਨ ਜਿਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਪੰਜਾਬੀਆਂ ਦੀ ਜੀਵਨ-ਜਾਚ ਹੀ ਸਦਾ ਲਈ ਬਦਲ ਗਈ। ਗੁਰੂ ਨਾਨਕ ਜੀ  ਦਾ ਸੰਦੇਸ਼ ਚੌਹਾਂ ਕੂੰਟਾਂ ਵਿਚ ਗੂੰਜਿਆ ਅਤੇ ਦੇਸ਼-ਪ੍ਰਦੇਸ਼ ਦੇ ਲੋਕਾਂ ਨੇ ਉਸ ਸੰਦੇਸ਼ ਨੂੰ ਆਪਣੇ ਜੀਵਨ ਵਿਚ ਸਮੋ ਲਿਆ। ਗੁਰੂ ਸਾਹਿਬ ਨੇ ਕਿਰਤੀਆਂ ਦੀ ਬਾਂਹ ਫੜੀ ਅਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਵਿਰੁੱਧ ਆਵਾਜ਼ ਉਠਾਈ । ਗੁਰੂ ਨਾਨਕ ਸਾਹਿਬ ਨੇ ਅੰਧਵਿਸ਼ਵਾਸ ਨੂੰ ਨਕਾਰਦੇ ਹੋਏ ਮਨੁੱਖ ਨੂੰ ਅਸਲੀ ਗਿਆਨ ਨਾਲ ਜੁੜਨ ’ਤੇ ਜ਼ੋਰ ਦਿੱਤਾ ਤੇ ਸਮਾਜ ਨੂੰ ਨਵੀਂ ਸੇਧ ਦਿੱਤੀ। ਉਨ੍ਹਾਂ ਨੇ 550 ਸਾਲ ਪਹਿਲਾਂ ਮਨੁੱਖਤਾ ਨੂੰ ਜੋ ਦਿਸ਼ਾ ਤੇ ਵਿਚਾਰ ਦਿੱਤੇ, ਅੱਜ ਦੇ ਸਮੇਂ ਵਿਚ ਉਨ੍ਹਾਂ ਦੀ ਮਹਤੱਤਾ ਨੂੰ ਧਾਰਮਿਕ ਸੋਚ ਤੋਂ ਉੱਪਰ ਉੱਠ ਕੇ ਅਪਨਾਉਣ ਦੀ ਸਖਤ ਲੋੜ ਹੈ। ਬਾਬਾ ਜੀ ਨੇ ਸੰਗਤਾਂ ਨੂੰ ਪ੍ਰੇਰਨਾ ਦਿੰਦੇ ਹੋਏ ਆਖਿਆ ਕਿ ਉਨ੍ਹਾਂ ਦੇ ਅੱਜ ਜਨਮ ਦਿਨ ਤੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਦੇ ਲਈ ਸਾਡੇ ਮਹਾਨ ਗੁਰੂ ਸਾਹਿਬਾਨਾਂ ਵੱਲੋਂ ਦਿੱਤਾ ਗਿਆ ਸੰਦੇਸ਼  ਪੌਣ, ਪਾਣੀ ਅਤੇ ਹਵਾ ਨੂੰ ਸ਼ੁੱਧ ਰੱਖ ਕੇ ਇੱਕ ਚੰਗੇ ਸਮਾਜ ਦੀ ਸਿਰਜਨਾ ਕਰੀਏ । ਇਸ ਮੌਕੇ ਲੱਡੂਆਂ ਦਾ ਜਲੇਬੀਆਂ ਦਾ ਲੰਗਰ ਵੀ ਅਤੁੱਟ ਚੱਲਿਆ। ਇਸ ਮੌਕੇ ਇੰਦਰਜੀਤ ਸਿੰਘ , ਸੁਖਜੀਤ ਸਿੰਘ ਸੁੱਖਾ ਰੌਲੀ,ਤਰਲੋਕ ਸਿੰਘ ਸਿੰਘਾਂਵਾਲਾ, ਭਾਈ ਚਮਕੌਰ ਸਿੰਘ ਚੰਦ ਪੁਰਾਣਾ, ਧਰਮ ਸਿੰਘ ਕਾਲੇਕੇ, ਹਰਜਿੰਦਰ ਸਿੰਘ, ਭਜਨ ਸਿੰਘ ਕਾਲੇਕੇ,ਫੈਡਰੇਸ਼ਨ ਪ੍ਰਧਾਨ ਵਿਰਸਾ ਸਿੰਘ,ਬਿੰਦਰ ਸਿੰਘ ਐਸਡੀਓ ਬਿਜਲੀ ਬੋਰਡ, ਬਿੱਲੂ ਸਿੰਘ ਚੰਦ ਪੁਰਾਣਾ, ਅਮਰਜੀਤ ਸਿੰਘ ਸਿੰਘਾਂ ਵਾਲਾ, ਮੇਜਰ ਸਿੰਘ ਸਾਬਕਾ ਸਰਪੰਚ ਪਿੰਡ  ਗਿੱਲ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।