ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹਨੇਰੇ ਯੁੱਗ ਵਿਚ ਮਨੁੱਖਤਾ ਲਈ ਰਾਹ ਦਸੇਰਾ ਸਿੱਧ ਹੋਇਆ: ਬੇਅੰਤ ਸਿੰਘ ਬਿੱਟੂ ਸੈਦ ਮੁਹੰਮਦ

ਮੋਗਾ,11 ਨਵੰਬਰ (ਜਸ਼ਨ): ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਦਿਹਾੜੇ ’ਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਬੇਅੰਤ ਸਿੰਘ ਬਿੱਟੂ ਸੈਦ ਮੁਹੰਮਦ ਅਤੇ ਸਰਪੰਚ ਪਰਵਿੰਦਰ ਕੌਰ ਨੇ ਆਖਿਆ ਕਿ ਗੁਰੂ ਨਾਨਕ ਸਾਹਿਬ ਦਾ ਆਗਮਨ ਉਸ ਹਨੇਰੇ ਯੁੱਗ ਵਿਚ ਹੋਇਆ ਜਦੋਂ ਛਲ, ਫਰੇਬ ਅਤੇ ਠੱਗੀ ਠੋਰੀ ਦਾ ਬੋਲਬਾਲਾ ਸੀ ,ਇਸ ਕਰਕੇ ਸਮੁੱਚੇ ਦੇਸ਼ ਵਿਚ ਬੇਚੈਨੀ ਤੇ ਘਬਰਾਹਟ ਦਾ ਆਲਮ ਸੀ। ਉਹਨਾਂ ਕਿਹਾ ਕਿ ਲੋਕਾਂ ਦੇ ਸਮਾਜਿਕ ਜੀਵਨ ਦੇ ਨਾਲ ਨਾਲ ਧਾਰਮਿਕ ਜੀਵਨ ਵੀ ਤਰਸਯੋਗ ਸੀ ਪਰ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕਰਦਿਆਂ ਨਾ ਸਿਰਫ਼ ਦੇਸ਼ ਵਾਸੀਆਂ ਨੂੰ ਇਕ ਰੱਬ ਦਾ ਸੰਦੇਸ਼ ਦਿੱਤਾ ਬਲਕਿ ਹਿੰਦੋਸਤਾਨ ਲਾਗਲੇ ਹੋਰਨਾਂ ਦੇਸ਼ਾਂ ਵਿਚ ਵੀ ਲੋਕਾਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਕਾਂਗਰਸੀ ਆਗੂ ਬੇਅੰਤ ਸਿੰਘ ਬਿੱਟੂ ਸੈਦ ਮੁਹੰਮਦ ਅਤੇ ਸਰਪੰਚ ਪਰਵਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਅਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕਰਕੇ ਨਵੀਂ ਪੀੜੀ ਨੂੰ ਵੀ ਸ਼੍ਰੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਪ੍ਰਤੀ ਦਿ੍ਰੜ ਕਰਵਾਉਣ ਲਈ ਵੱਡਾ ਉੱਦਮ ਕੀਤਾ ਹੈ।