ਗ੍ਰੈਂਡ ਲਾਈਟ ਐਂਡ ਸਾਉਂਡ ਸ਼ੋਅ ਰਾਹੀਂ ਰੂਪਮਾਨ ਹੋਇਆ ਗੁਰੂ ਨਾਨਕ ਦੇਵ ਜੀ ਦਾ ਜੀਵਨ ਫਲਸਫਾ,ਵੱਡੀ ਗਿਣਤੀ ਵਿਚ ਨੌਜਵਾਨਾਂ, ਔਰਤਾਂ, ਬੱਚਿਆਂ ਨੇ ਵੇਖਿਆ ਸ਼ੋਅ

ਚੰਡੀਗੜ੍ਹ/ਸੁਲਤਾਨਪੁਰ ਲੋਧੀ, ਕਪੂਰਥਲਾ, 10 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਗ੍ਰੈਂਡ ਲਾਈਟ ਐਂਡ ਸਾਉਂਡ ਸ਼ੋਅ ਰਾਹੀਂ ਅੱਜ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨਾਂ, ਬੱਚਿਆਂ, ਔਰਤਾਂ ਤੇ ਬਜੁਰਗਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਅਤੇ ਉਨਾਂ ਦੇ ਜੀਵਨ ਫਲਸਫੇ ਨੂੰ ਸਮਝਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ: ਇੰਦਰਬੀਰ ਸਿੰਘ ਬੁਲਾਰੀਆ ਨੇ ਵੀ ਇਕ ਨਿਮਾਣੇ ਸਿੱਖ ਵਜੋਂ ਬਾਕੀ ਸੰਗਤ ਨਾਲ ਬੈਠਕੇ ਇਹ ਸ਼ੋਅ ਵੇਖਿਆ। ਇਸ ਮੌਕੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਹਾਜਰ ਸਨ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸ਼ੋਅ ਸਾਡੀਆਂ ਅਗਲੀਆਂ ਪੀੜੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ, ਸਿੱਖਿਆਵਾਂ ਤੋਂ ਜਾਣੂ ਕਰਵਾਉਣ ਲਈ ਤਿਆਰ ਕਰਵਾਇਆ ਗਿਆ ਹੈ। ਇਹ ਸ਼ੋਅ ਇੱਥੇ 15 ਨਵੰਬਰ ਤੱਕ ਚੱਲਣਾ ਹੈ ਅਤੇ ਅੱਜ ਇਸ ਦੇ ਦੋ ਸ਼ੋਅ ਹੋਏ ਅਤੇ ਦੋਨਾਂ ਸ਼ੋਅ ਵਿਚ ਸੰਗਤਾਂ ਦੇ ਭਾਰੀ ਇੱਕਠ ਨੇ ਹਾਜਰੀ ਭਰ ਕੇ ਸੂਬਾ ਸਰਕਾਰ ਦੇ ਇਸ ਉਪਰਾਲੇ ਨੂੰ ਸਰਾਹਿਆ।ਇਸ ਮੌਕੇ ਬੋਲਦਿਆਂ ਸ: ਇੰਦਰਬੀਰ ਸਿੰਘ ਬੁਲਾਰੀਆ, ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਹੱਕ ਸੱਚ ਦਾ ਜੋ ਰਾਹ ਸਾਨੂੰ ਵਿਖਾਇਆ ਸੀ, ਉਹੀ ਗੁਰਮਤਿ ਸਿਧਾਂਤ ਅੱਜ ਵੀ ਸਾਡੀ ਅਗਵਾਈ ਕਰ ਰਿਹਾ ਹੈ। ਉਨਾਂ ਨੇ ਆਖਿਆ ਕਿ ਗੁਰੂ ਜੀ ਦੇ ਜੀਵਨ ਦੀ ਹਰ ਇਕ ਘਟਨਾ ਵਿਚ ਇਕ ਵੱਡੀ ਸਿੱਖਿਆ ਲੁਕੀ ਹੋਈ ਹੈ ਅਤੇ ਇਸ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਗੁਰੂ ਜੀ ਦੇ ਜੀਵਨ ਦੀਆਂ ਇੰਨਾਂ ਹੀ ਘਟਨਾਵਾਂ ਨੂੰ ਰੂਪਮਾਨ ਕੀਤਾ ਹੈ ਤਾਂ ਜੋ ਸਾਡੀ ਅਗਲੀ ਪੀੜੀ ਉਨਾਂ ਦੇ ਦਰਸ਼ਨ ਤੋਂ ਜਾਣੂ ਹੋ ਸਕੇ ਅਤੇ ਉਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਢਾਲ ਸਕੇ। ਉਨਾਂ ਨੇ ਕਿਹਾ ਕਿ ਗੁਰੂ ਜੀ ਵੱਲੋਂ ਕਾਦਰ ਵੱਲੋਂ ਸਾਜੀ ਕੁਦਰਤ ਨਾਲ ਸਮਤੋਲ ਬਿਠਾਉਣ ਦੀ ਜੋ ਸਿੱਖਿਆ ਦਿੱਤੀ ਹੈ ਉਸਤੇ ਵਾਤਾਵਰਨ ਦੇ ਬਦਲਦੇ ਹਾਲਾਤਾਂ ਵਿਚ ਸਾਡੇ ਲਈ ਅਮਲ ਕਰਨਾ ਹੋਰ ਵੀ ਜਰੂਰੀ ਹੋ ਜਾਂਦਾ ਹੈ।ਇਸ ਤੋਂ ਬਾਅਦ ਪੰਥ ਦੇ ਪ੍ਰਸਿੱਧ ਭਾਈ ਹਰਦੇਵ ਸਿੰਘ ਲਾਲਬਾਈ ਦੇ ਕਵਸਰੀ ਜੱਥੇ ਨੇ ਗੁਰੂ ਜਸ ਦਾ ਗਾਇਨ ਕੀਤਾ। ਉਨਾਂ ਨੇ ਬਿਨਾਂ ਸਾਜਾਂ ਤੋਂ ਗਾਇਨ ਦੀ ਪੰਜਾਬ ਦੇ ਮਾਲਵੇ ਖਿੱਤੇ ਦੀ ਇਸ ਅਮੀਰ ਕਲਾਂ ਰਾਹੀਂ ਸੰਗਤਾਂ ਸਨਮੁੱਖ ਸਿੱਖ ਇਤਿਹਾਸ, ਸਿੱਖ ਸਿਧਾਂਤਾਂ ਤੇ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਕੇਂਦਰਤ ਕਵਿੱਤ ਪੇਸ਼ ਕੀਤੇ।ਜਿਕਰਯੋਗ ਹੈ ਕਿ ਰੋਜ਼ਾਨਾ ਹੁੰਦੇ ਇਸ ਅਵਾਜ਼ ਤੇ ਰੌਸ਼ਨੀਆਂ ਅਧਾਰਿਤ ਪ੍ਰੋਗਰਾਮ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਕਲਾਕਾਰ ਵੀ ਧਾਰਮਿਕ ਗਾਇਨ ਰਾਹੀਂ ਆਪਣੀ ਹਾਜਰੀ ਲਗਵਾ ਰਹੇ ਹਨ। ਇਸ ਲੜੀ ਤਹਿਤ ਸੋਮਵਾਰ ਦੀ ਸ਼ਾਮ ਨੂੰ ਉਘੇ ਫ਼ਨਕਾਰ ਹਰਭਜਨ ਮਾਨ ਆਪਣੀ ਹਾਜਰੀ ਲਗਾਵਉਣ ਲਈ ਆ ਰਹੇ ਹਨ।