ਪੰਜਾਬ ਸਰਕਾਰ ਵਲੋਂ ਬੇਬੇ ਨਾਨਕੀ ਨੂੰ ਸਮਰਪਿਤ ਹੋਣਗੇ 9 ਨਵੰਬਰ ਦੇ ਸਾਰੇ ਸਮਾਗਮ, ਚੰਨੀ ਵਲੋਂ ਸੰਗਤ ਨੂੰ ਗੁਰਪੁਰਬ ਮੌਕੇ ਹੁੰਮ- ਹੁੰਮਾਕੇ ਪੁੱਜਣ ਦੀ ਅਪੀਲ

ਸੁਲਤਾਨਪੁਰ ਲੋਧੀ, 8 ਨਵੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਔਰਤਾਂ ਦੇ ਸਤਿਕਾਰ ਵਜੋਂ ਮੁੱਖ ਪੰਡਾਲ ਵਿਖੇ ਸਥਿਤ ‘ਗੁਰੂ ਨਾਨਕ ਦਰਬਾਰ‘ ਵਿਚ 9 ਨਵੰਬਰ ਨੂੰ ਹੋਣ ਵਾਲੇ ਸਾਰੇ ਸਮਾਗਮ ਬੇਬੇ ਨਾਨਕੀ ਜੀ ਨੂੰ ਸਮਰਪਿਤ ਹੋਣਗੇ। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਵਲੋਂ ਔਰਤਾਂ ਨੂੰ ਜੋ ਉੱਚਾ ਸਥਾਨ ਗੁਰਬਾਣੀ ਵਿਚ ਬਖਸ਼ਿਆ ਗਿਆ ਹੈ, ਉਸ ਉੱਪਰ ਪਹਿਰਾ ਦਿੰਦੇ ਹੋਏ ਪੰਜਾਬ ਸਰਕਾਰ ਵਲੋਂ  ਸੁਲਤਾਨਪੁਰ ਲੋਧੀ ਵਿਖੇ ਹੋ ਰਹੇ ਸਮਾਗਮਾਂ ਦੌਰਾਨ 9 ਨਵੰਬਰ ਨੂੰ ਬੀਬੀਆਂ ਦੇ  ਪੰਥ ਪ੍ਰਸਿੱਧ ਕੀਰਤਨੀ, ਰਾਗੀ, ਕਵੀਸ਼ਰੀ ਤੇ ਢਾਡੀ ਜਥਿਆਂ ਨੂੰ ਸੇਵਾ ਨਿਭਾਉਣ ਦੀ ਅਪੀਲ ਕੀਤੀ ਹੈ। ਉਨਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ  ਸਵੇਰੇ 11 ਵਜੇ ਡਾ. ਜਸਮੀਤ ਕੌਰ ਜੰਮੂ ਦੇ ਜਥੇ ਵਲੋਂ ਕੀਤੀ ਜਾਵੇਗੀ, ਉਪਰੰਤ 12 ਵਜੇ ਬੀਬੀ ਸਿਮਰਨ ਕੌਰ ਲੁਧਿਆਣਾ ਦਾ ਰਾਗੀ  ਜਥਾ ਕੀਰਤਨ ਕਰੇਗਾ। ਇਸ ਪਿੱਛੋਂ 1 ਵਜੇ ਬੀਬੀ ਜਸਲੀਨ ਕੌਰ ਦਿੱਲੀ, 2 ਵਜੇ ਡਾ. ਗੁਰਿੰਦਰ ਕੌਰ ਦਿੱਲੀ , 3 ਵਜੇ ਬੀਬੀ ਇਸ਼ਵਿਨੀਕ ਕੌਰ ਦਿੱਲੀ, 4 ਵਜੇ ਬੀਬੀ ਪ੍ਰਭਜੋਤ ਕੌਰ ਬਟਾਲਾ ਅਤੇ 5 ਵਜੇ ਤੋਂ 6 ਵਜੇ ਤੱਕ ਡਾ. ਜਸਬੀਰ ਕੌਰ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕਰਨਗੀਆਂ। ਸੰਗਤਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰਪੁਰਬ ਸਮਾਗਮਾਂ ਦੌਰਾਨ ਹੁੰਮ-ਹੁੰਮਾਕੇ ਪੁੱਜਣ ਦੀ ਅਪੀਲ ਕਰਦਿਆਂ ਸ. ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੰਗਤ ਦੀ ਸਹੂਲਤ ਲਈ ਸੂਬੇ ਭਰ ਤੋਂ ਵਿਸ਼ੇਸ਼ ਮੁਫਤ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੰਗਤ ਦੀ ਸਹੂਲਤ ਲਈ ਆਵਾਜਾਈ,ਪਾਰਕਿੰਗ, ਠਹਿਰਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।