ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਬਾਬਾ ਦਿਆਲ ਦਾਸ ਨੂੰ ਕੀਤਾ ਹਲਾਕ ,ਕੋਟਕਪੂਰਾ ਦੇ ਪਿੰਡ ਕੋਟਸੁਖੀਆ ‘ਚ ਗਊਸ਼ਾਲਾ ਦੇ ਸੇਵਾਦਾਰ ਸਨ ਬਾਬਾ ਦਿਆਲ ਦਾਸ

Tags: 

ਕੋਟਕਪੂਰਾ,7 ਨਵੰਬਰ (ਜਸ਼ਨ): ਅੱਜ ਸ਼ਾਮ 5 ਵਜੇ ਦੇ ਕਰੀਬ ਕੋਟਕਪੂਰਾ ਦੇ ਪਿੰਡ ਕੋਟਸੁਖੀਆ ‘ਚ ਦਾਣਾਮੰਡੀ ਨੇੜੇ ਸਥਿਤ ਸੰਤ ਬਾਬਾ ਹਰਕਾ ਦਾਸ ਗਊਸ਼ਾਲਾ,ਦੇ ਸੇਵਾਦਾਰ ਬਾਬਾ ਦਿਆਲ ਦਾਸ  ਦਾ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਹਮਲਾਵਰ ਗੋਲੀਆਂ ਚਲਾਉਣ ਉਪਰੰਤ ਮੌਕੇ ਤੋਂ ਫ਼ਰਾਰ ਹੋ ਗਏ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਅਨੁਸਾਰ ਮਿ੍ਰਤਕ ਬਾਬਾ ਦਿਆਲ ਦਾਸ 60 ਸਾਲਾਂ ਦੇ ਸਨ ਅਤੇ ਅੱਜ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਪ੍ਰਤਖ ਦਰਸ਼ੀਆਂ ਮੁਤਾਬਕ ਹਮਲਾਵਰ ਪਹਿਲਾਂ ਡੇਰੇ ‘ਚ ਕੁੱਝ ਸਮਾਂ ਇੱਧਰ-ਉਧਰ ਫਿਰਦੇ ਰਹੇ ਅਤੇ ਬਾਅਦ ਵਿਚ ਉਹਨਾਂ ਨੇ ਕਿਸੇ ਸੇਵਾਦਾਰ ਰਾਹੀਂ ਬਾਬਾ ਦਿਆਲ ਦਾਸ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਬਾਬਾ ਦਿਆਲ ਦਾਸ ਦੀ ਮੌਕੇ ’ਤੇ ਹੀ ਮੌਤ ਹੋ ਗਈ । ਜ਼ਿਕਰਯੋਗ ਹੈ ਕਿ  ਡੇਰੇ ਦੇ ਪ੍ਰਮੁੱਖ ਬਾਬਾ ਹਰੀ ਦਾਸ ਦੀ ਤਬੀਅਤ ਨਾਸਾਜ਼ ਹੋਣ ਕਾਰਨ ਅੱਜ ਕੱਲ ਡੇਰੇ ਦੀ ਸੇਵਾ ਬਾਬਾ ਦਿਆਲ ਦਾਸ ਵੱਲੋਂ ਕੀਤੀ ਜਾ ਰਹੀ ਸੀ । ਅੱਜ ਦੀ ਘਟਨਾ ਉਪਰੰਤ ਡੀ ਐੱਸ ਪੀ ਬਲਕਾਰ ਸਿੰਘ ਸੰਧੂ ਮੌਕੇ ’ਤੇ ਪਹੁੰਚੇ ਅਤੇ ਇਸ ਕਤਲ ਦੀ ਮਨਸ਼ਾ ਅਤੇ ਕਾਤਲਾਂ ਦਾ ਸੁਰਾਗ ਲਾਉਣ ਲਈ ਕਾਰਵਾਈ ਆਰੰਭੀ । ਪੁਲਿਸ ਵੱਲੋਂ ਸੀ ਸੀ ਟੀ ਵੀ ਕੈਮਰਿਆਂ ਦੀ ਸਹਾਇਤਾ ਨਾਲ ਕਾਤਲਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।    ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ