ਸੁਲਤਾਨਪੁਰ ਲੋਧੀ ‘ਚ ਟੈਂਟ ਸਿਟੀ ਨੂੰ ਲੈ ਕੇ ਸੰਗਤਾਂ ‘ਚ ਭਾਰੀ ਉਤਸ਼ਾਹ, 31 ਹਜ਼ਾਰ ਤੋਂ ਵੱਧ ਸੰਗਤ ਨੇ ਕਰਵਾਈ ਬੁਕਿੰਗ,ਸੂਬਾ ਸਰਕਾਰ ਵੱਲੋਂ ਗੁਰੂਘਰ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਲਈ 280 ਏਕੜ ਵਿੱਚ ਸਥਾਪਤ ਕੀਤੀਆਂ ਗਈਆਂ ਹਨ ਤਿੰਨ ਟੈਂਟ ਸਿਟੀਜ਼

ਚੰਡੀਗੜ/ਸੁਲਤਾਨਪੁਰ ਲੋਧੀ, 6 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਮੱਥਾ ਟੇਕਣ ਲਈ ਆਉਣ ਵਾਲੀ ਸੰਗਤ ਦੀ ਸੁਵਿਧਾ ਲਈ ਸੂਬਾ ਸਰਕਾਰ ਵੱਲੋਂ 280 ਏਕੜ ਖੇਤਰ ਵਿੱਚ ਸਥਾਪਤ ਕੀਤੀਆਂ ਗਈਆਂ ਤਿੰਨੋ ਟੈਂਟ ਸਿਟੀਜ਼ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਟੈਂਟ ਸਿਟੀ ਵਿੱਚ 31 ਹਜ਼ਾਰ ਤੋਂ ਜ਼ਿਆਦਾ ਸੰਗਤ ਬੁਕਿੰਗ ਕਰਵਾ ਚੁੱਕੀ ਹੈ। ਟੈਂਟ ਸਿਟੀ ਆਪਣੀ ਕੁੱਲ ਸਮਰੱਥਾ ਦੇ ਮੁਕਾਬਲੇ 85 ਫੀਸਦੀ ਤੱਕ ਬੁੱਕ ਹੋ ਚੁੱਕਾ ਹੈ।ਟੈਂਟ ਸਿਟੀ ਵਿੱਚ ਚਾਰ ਤਰਾਂ ਦੀਆਂ ਰਿਹਾਇਸ਼ੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲੀ ਸ਼੍ਰੇਣੀ ਵਿੱਚ ਵੱਡੀ ਡੋਰਮੇਟਰੀ ਹੈ, ਜਿਸ ਵਿੱਚ ਕਿਸੇ ਇਲਾਕੇ ਤੋਂ ਆਈ ਸੰਗਤ ਇਕੱਠੀ ਠਹਿਰ ਸਕਦੀ ਹੈ। ਦੂਜੀ ਸ਼੍ਰੇਣੀ ਵਿੱਚ ਛੋਟੀ ਡੋਰਮੇਟਰੀ, ਤੀਜੀ ਸ਼੍ਰੇਣੀ ਵਿੱਚ ਫੈਮਿਲੀ ਯੂਨਿਟ ਅਤੇ ਚੌਥੀ ਸ਼੍ਰੇਣੀ ਵਿੱਚ ਫੈਮਿਲੀ ਕਿਊਬਿਕ ਬਣਾਏ ਗਏ ਹਨ। ਇਹ ਫੈਮਿਲੀ ਕਿਊਬਿਕ ਛੋਟੇ ਪਰਿਵਾਰਾਂ ਲਈ ਸਥਾਪਤ ਕੀਤੇ ਗਏ ਹਨ। ਇਥੇ ਸੰਗਤਾਂ ਦੇ ਰਹਿਣ ਲਈ ਅੱਵਲ ਦਰਜੇ ਦਾ ਇੰਤਜ਼ਾਮ ਕੀਤਾ ਗਿਆ ਹੈ, ਜਿਸ ਵਿੱਚ ਲੋਕਾਂ ਨੂੰ ਬੈਡਿੰਗ ਫੈਸੀਲਿਟੀ, ਕੁਰਸੀ, ਮੇਜ ਅਤੇ ਹੋਰ ਫਰਨੀਚਰ ਮੁਹੱਈਆ ਕਰਵਾਇਆ ਗਿਆ ਹੈ।  ਇਸ ਤੋਂ ਇਲਾਵਾ ਬਾਥਰੂਮ, ਪਖਾਨੇ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।

ਹਰੇਕ ਟੈਂਟ ਸਿਟੀ ਦੇ ਆਸ ਪਾਸ ਲੰਗਰ ਦਾ ਵਧੀਆ ਇੰਤਜ਼ਾਮ ਹੈ, ਜਿਥੇ ਸੰਗਤ ਲਈ 24 ਘੰਟੇ ਰੋਟੀ ਦੀ ਵਿਵਸਥਾ ਹੈ। ਹਰੇਕ ਟੈਂਟ ਸਿਟੀ ਨੇੜੇ ਮੈਡੀਕਲ ਸਹੂਲਤਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ, ਜਿਥੋਂ ਜ਼ਰੂਰਤ ਪੈਣ ‘ਤੇ ਲੋਕ ਮੈਡੀਕਲ ਸਹੂਲਤ ਵੀ ਹਾਸਲ ਕਰ ਸਕਦੇ ਹਨ।ਟੈਂਟ ਸਿਟੀ ਵਿੱਚ ਕੁੱਲ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਇੱਕੋ ਸਮੇਂ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਹੁਣ ਤੱਕ 31 ਹਜ਼ਾਰ ਤੋਂ ਜ਼ਿਆਦਾ ਸੰਗਤ ਟੈਂਟ ਸਿਟੀ ਵਿੱਚ ਆਪਣੇ ਰਹਿਣ ਲਈ ਟੈਂਟ ਬੁੱਕ ਕਰਵਾ ਚੁੱਕੀ ਹੈ। ਰਜਿਸਟਰੇਸ਼ਨ ਪ੍ਰੀਕਿਰਿਆ ਬਹੁਤ ਆਸਾਨ ਹੈ ਅਤੇ ਸੰਗਤ ਇਥੇ ਰਿਸੈਪਸ਼ਨ ਕਾਊਂਟਰ ‘ਤੇ ਪਹੁੰਚ ਕੇ ਆਪਣਾ ਕੋਈ ਵੀ ਪਛਾਣ ਪੱਤਰ ਦਿਖਾ ਕੇ ਬੁਕਿੰਗ ਕਰਵਾ ਸਕਦੀ ਹੈ। ਸਮਾਨ ਰੱਖਣ ਲਈ ਟੈਂਟ ਸਿਟੀ ਦੇ ਅੰਦਰ ਹੀ ਕਲਾਕ ਰੂਮ ਦੀ ਵਿਵਸਥਾ ਕੀਤੀ ਗਈ ਹੈ, ਜਿਥੇ ਲੋਕ ਆਪਣਾ ਸਮਾਨ ਰੱਖ ਸਕਦੇ ਹਨ। ਸਮਾਨ ਦੇ ਬਦਲੇ ਉਨਾਂ ਨੂੰ ਇਕ ਟੋਕਨ ਦਿੱਤਾ ਜਾਵੇਗਾ, ਜਿਸ ਨੂੰ ਵਾਪਸ ਕਰਨ ‘ਤੇ ਉਨਾਂ ਨੂੰ ਸਮਾਨ ਦੇ ਦਿੱਤਾ ਜਾਵੇਗਾ।ਟੈਂਟ ਸਿਟੀ ਵਿੱਚ ਰਹਿਣ ਆਏ ਜਲੰਧਰ ਦੇ ਵਕੀਲ ਅਰਿੰਦਰਜੀਤ ਸਿੰਘ ਨੇ ਦੱਸਿਆ ਕਿ ਟੈਂਟ ਸਿਟੀ ਸੂਬਾ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧ ਆਲਾ ਦਰਜੇ ਦੇ ਹਨ। ਉਨਾਂ ਦੱਸਿਆ ਕਿ ਉਨਾਂ ਦੀ ਖੁਸ਼ੀ ਦਾ ਉਸ ਸਮੇਂ ਕੋਈ ਠਿਕਾਣਾ ਨਹੀਂ ਰਿਹਾ , ਜਦ ਉਨਾਂ ਦੇ ਪਰਿਵਾਰ ਨੂੰ 550 ਨੰਬਰ ਟੈਂਟ ਰਹਿਣ ਲਈ ਅਲਾਟ ਹੋਇਆ। ਉਨਾਂ ਦਾ 11 ਸਾਲਾ ਪੁੱਤਰ ਦਮਨਜੋਤ ਸਿੰਘ, ਜੋ ਇਕ ਬਾਲ ਕਲਾਕਾਰ ਹੈ, ਨੇ ਆਪਣੇ 550 ਨੰਬਰ ਟੈਂਟ ਦੀ ਵੀਡੀਓ ਬਣਾ ਕੇ ਫੇਸਬੁੱਕ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਸਾਂਝਾ ਕਰ ਦਿੱਤੀ। ਉਨਾਂ ਕਿਹਾ ਕਿ ਉਨਾਂ ਦਾ ਪਰਿਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਇਥੇ ਮੱਥਾ ਟੇਕਣ ਆਇਆ ਹੈ ਅਤੇ ਉਨਾਂ ਨੂੰ 550 ਨੰਬਰ ਵਾਲਾ ਟੈਂਟ ਅਲਾਟ ਹੋਇਆ ਹੈ। ਇਸ ਮਹਿਜ਼ ਇਕ ਸੰਜੋਗ ਨਹੀਂ ਬਲਕਿ ਉਨਾਂ ਲਈ ਇਹ ਬਾਬਾ ਨਾਨਕ ਦਾ ਆਸ਼ੀਰਵਾਦ ਹੈ।ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਡੀਪੀਐਸ ਖਰਬੰਦਾ ਨੇ ਦੱਸਿਆ ਕਿ ਗੁਰਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਪੰਜਾਬ ਸਰਕਾਰ  ਵਲੋਂ ਕੀਤੇ ਗਏ ਯਤਨ ਲਾਮਿਸਾਲ ਹਨ ਅਤੇ ਲੋਕਾਂ ਵਲੋਂ ਟੈਂਟ ਸਿਟੀ ਵਿਚ ਰਹਿਣ ਲਈ ਲਗਾਤਾਰ ਪਹੁੰਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਰਧਾਲੂਆਂ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।