ਅੰਮਿ੍ਰਤਸਰ ਤੋਂ ਡੇਰਾ ਬਾਬਾ ਨਾਨਕ ਤੱਕ 3 ਨਵੰਬਰ ਨੂੰ ਹੋਣ ਵਾਲੀ 64.5 ਕਿਲੋਮੀਟਰ ਲੰਮੀ ਸਾਈਕਲ ਰੈਲੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ : ਰਾਣਾ ਗੁਰਮੀਤ ਸਿੰਘ ਸੋਢੀ

ਅੰਮਿ੍ਰਤਸਰ/ਚੰਡੀਗੜ੍ਹ, 2 ਨਵੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪੰਜਾਬ ਦੇ ਖੇਡ ਵਿਭਾਗ ਵਲੋਂ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਿਭਾਗ ਵਲੋਂ ਕਲੰਡਰ ਰਿਲੀਜ਼ ਕਰਨ ਤੋਂ ਇਲਾਵਾ ਵਿਭਾਗ 3 ਨਵੰਬਰ ਨੂੰ ਅੰਮਿ੍ਰਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਇੱਕ ਸਾਈਕਲ ਰੈਲੀ ਦਾ ਆਯੋਜਨ ਵੀ ਕਰਨ ਜਾ ਰਿਹਾ ਹੈ, ਜਿਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਹ ਜਾਣਕਾਰੀ ਅੱਜ ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿੱਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਸਾਈਕਲ ਰੈਲੀ ਦਾ ਸਵਾਗਤ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤਾ ਜਾਵੇਗਾ ਜਦਕਿ ਫਤਿਹਗੜ੍ਹ ਚੂੜੀਆਂ ਵਿਖੇ ਰੇਸ ਦੇ ਸਵਾਗਤ ਲਈ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਉਚੇਰੀ ਸਿੱਖਿਆ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਮੌਜੂਦ ਰਹਿਣਗੇ।ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਇਹ ਸਾਇਕਲ ਰੈਲੀ ਗੁਰੂ ਨਾਨਕ ਸਟੇਡੀਅਮ ਅੰਮਿ੍ਰਤਸਰ ਤੋਂ ਸ਼ੁਰੂ ਹੋ ਕੇ ਮਜੀਠਾ ਬਾਈਪਾਸ ਰਾਹੀਂ ਫਤਿਹਗੜ੍ਹ ਚੂੜੀਆਂ ਤੋਂ ਹੁੰਦੀ ਹੋਈ ਡੇਰਾ ਬਾਬਾ ਨਾਨਕ ਜਾ ਕੇ ਮੁੰਕਮਲ ਹੋਵੇਗੀ। 64.5 ਕਿਲੋਮੀਟਰ ਲੰਮੀ ਇਸ ਰੈਲੀ ਵਿੱਚ ਕੁੱਲ 550 ਖਿਡਾਰੀ ਭਾਗ ਲੈਣਗੇ। 15-15 ਕਿਲੋ ਮੀਟਰ ਦੀ ਦੂਰੀ ’ਤੇ ਹਾਲਟ ਪੁਆਇੰਟ ਬਣਾਏ ਗਏ ਹਨ ਜਿੱਥੇ ਭਾਗ ਲੈਣ ਵਾਲੇ ਸਾਇਕਲਿਸਟਾਂ ਨੂੰ ਲੋੜੀਂਦੀਆਂ ਸਹੂਲਤਾਂ ਤੇ ਸਹਿਯੋਗ ਦੇਣ ਲਈ ਵਲੰਟੀਅਰ ਮੌਜੂਦ ਰਹਿਣਗੇ। ਭਾਗ ਲੈਣ ਵਾਲੇ ਸਾਈਕਲਿਸਟਾਂ ਵਿਚੋਂ 100 ਸਾਈਕਲਿਸਟ ਸਾਈਕਲ ਸਿਖਲਾਈ ਕੇਂਦਰਾਂ ਨਾਲ ਸਬੰਧਤ ਹੋਣਗੇ। ਦੌੜ ਸਫਲਤਾਪੂਰਵਕ ਮੁਕੰਮਲ ਕਰਨ ਵਾਲਿਆਂ ਨੂੰ ਇੱਕ ਮੈਡਲ ਤੇ ਸਰਟੀਫੀਕੇਟ ਦਿੱਤੇ ਜਾਣਗੇ। ਵਿਭਾਗ ਦੇ ਅਧਿਕਾਰੀ, ਕੋਚ, ਐਨ.ਐਸ.ਐਸ ਵਲੰਟੀਅਰ ਤੇ ਐਨ.ਸੀ.ਸੀ. ਕੈਡਿਟ ਇਸ ਰੇਸ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸਰਗਰਮ ਰਹਿਣਗੇ। ਸਿਰਫ ਇਨ੍ਹਾਂ ਹੀ ਨਹੀਂ ਸਗੋਂ ਲਾਈਟ ਤੇ ਸਾਊਂਡ ਸ਼ੋਅ ਅਤੇ ਪੋਸਟਰਾਂ ਤੇ ਫਲੈਕਸਾਂ ਤੋਂ ਇਲਾਵਾ ਇੱਕ ਵੱਡੀ ਸਕਰੀਨ ਵੀ ਗੁਰੂ ਨਾਨਕ ਸਟੇਡੀਅਮ ਦੀ ਖੂਬਸੂਰਤੀ ਦੀ ਸ਼ੋਭਾ ਵਧਾਏਗੀ।