ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਮੋਗਾ ਤੋਂ ਸੁਲਤਾਨਪੁਰ ਲੋਧੀ ਲਈ ਯਾਤਰਾ ਵਾਸਤੇ ਕਾਫਲਾ 5 ਨਵੰਬਰ ਨੂੰ ਹੋਵੇਗਾ ਰਵਾਨਾ: ਡਾ. ਹਰਜੋਤ ਕਮਲ,*ਸੰਗਤਾਂ ਨੂੰ ਫ਼ਰੀ ਦਰਸ਼ਨ ਕਰਵਾਉਣ ਲਈ 50 ਬੱਸਾਂ ਦਾ ਕੀਤਾ ਪ੍ਰਬੰਧ, ਲੰਗਰ ਦੀ ਵੀ ਹੋਵੇਗੀ ਵਿਵਸਥਾ

ਮੋਗਾ, 2 ਨਵੰਬਰ (ਜਸ਼ਨ):  ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸ਼੍ਰੀ ਸਹਿਜ ਪਾਠਾਂ ਦਾ ਆਰੰਭ 5 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਿਚ ਸੁਲਤਾਨਪੁਰ ਲੋਧੀ ਪਹੁੰਚਣ ਲਈ ਭਾਰੀ ਉਤਸ਼ਾਹ ਹੈ ਅਤੇ ਇਸੇ ਸ਼ਰਧਾ ਦੇ ਮੱਦੇਨਜ਼ਰ ਸੰਗਤਾਂ ਨੂੰ ਫ਼ਰੀ ਸੁਲਤਾਨਪੁਰ ਲੋਧੀ ਵਿਖੇ ਗੁਰੂ ਸਾਹਿਬ ਅਤੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਉਣ ਲਈ 50 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।  ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਸੰਗਤਾਂ ਨੂੰ ਨਿਮਰ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਵਡਭਾਗੇ ਹਾਂ ਕਿ 550ਵਾਂ ਪ੍ਰਕਾਸ਼ ਪੁਰਬ ਸਾਡੇ ਜੀਵਨਕਾਲ ਦੌਰਾਨ ਮਨਾਇਆ ਜਾ ਰਿਹਾ ਹੈ ਅਤੇ ਇਸ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਉਹਨਾਂ ਵੱਲੋਂ ਸੰਗਤ ਦੀ ਸਹੂਲਤ ਵਾਸਤੇ 50 ਬੱਸਾਂ ਦੇ ਕਾਫ਼ਲੇ ਦਾ ਪ੍ਰਬੰਧ ਕੀਤਾ ਗਿਆ ਹੈ,ਇਸ ਕਰਕੇ ਜੋ ਵੀ ਸੰਗਤਾਂ ਦਰਸ਼ਨਾਂ ਲਈ ਜਾਣਾ ਚਾਹੁੰਦੀਆਂ ਹਨ, ਉਹ ਉਨਾਂ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦੀਆਂ ਹਨ । ਉਨਾਂ ਦੱਸਿਆ ਕਿ 05 ਨਵੰਬਰ ਨੂੰ ਸਵੇਰੇ 06 ਵਜੇ ਮੋਗਾ ਦੀ ਬਾਹਰਲੀ ਦਾਣਾ ਮੰਡੀ ਤੋਂ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਬੱਸਾਂ ਦਾ ਕਾਫ਼ਲਾ ਰਵਾਨਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਸਿਆਸਤ ਤੋਂ ਉੱਪਰ ਉੱਠ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀਆਂ ਖੁਸ਼ੀਆ ਪ੍ਰਾਪਤ ਕਰਨ ਅਤੇ ਆਸ਼ੀਰਵਾਦ ਲੈਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸੁਲਤਾਨਪੁਰ ਲੋਧੀ ਦੇ ਸਮਾਗਮਾਂ ਵਿਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਮੋਗਾ ਤੋਂ ਜਾਣ ਵਾਲੀਆਂ ਸੰਗਤਾਂ ਸੁਲਤਾਨਪੁਰ ਲੋਧੀ ਵਿਖੇ ਸ਼੍ਰੀ ਸਹਿਜ ਪਾਠ ਆਰੰਭ ਹੋਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣਗੀਆਂ ਅਤੇ ਬਾਅਦ ਵਿਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਕੇ ਵਾਪਸ ਪਰਤਣਗੀਆਂ।