ਕੌਮਾਂਤਰੀ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਹੁੰਮਹੁੰਮਾ ਕੇ ਪੁੱਜਣ : ਬੂਟਾ ਸਿੰਘ ਦੌਲਤਪੁਰਾ

ਮੋਗਾ,30 ਅਕਤੂਬਰ (ਜਸ਼ਨ)- ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੌਮਾਂਤਰੀ ਨਗਰ ਕੀਰਤਨ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸ਼ੁਰੂ ਹੋ ਕੇ ਵੱਖ ਵੱਖ ਪੜਾਵਾਂ ਤੋਂ ਗੁਜ਼ਰਦਾ ਹੋਇਆ 17 ਰਾਜਾਂ ਤੋਂ ਬਾਅਦ ਮੋਗਾ ਜ਼ਿਲੇ ਦੇ ਪਿੰਡ ਡਰੋਲੀ ਭਾਈ ਵਿਖੇ ਅੱਜ ਰਾਤ ਪੁੱਜੇਗਾ ਅਤੇ ਰਾਤ ਦੇ ਵਿਸ਼ਰਾਮ ਉਪਰੰਤ ਕੱਲ 31 ਅਕਤੂਬਰ ਦਿਨ ਵੀਰਵਾਰ ਨੂੰ ਇਹ ਮਹਾਨ ਅੰਤਰਰਾਸ਼ਟਰੀ ਨਗਰ ਕੀਰਤਨ ਡਰੋਲੀ ਭਾਈ ਤੋਂ ਚੱਲ ਕੇ ਅਗਲੇ ਪੜਾਅ ਵੱਲ ਵਧੇਗਾ ਜਿੱਥੇ ਸੰਗਤਾਂ ਇਸ ਨਗਰ ਕੀਰਤਨ ਵਿਚ ਸ਼ਾਮਲ ਹੋ ਸਕਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ ਨੇ ‘ਸਾਡਾ ਮੋਗਾ ਡੋਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਬੂਟਾ ਸਿੰਘ ਨੇ ਦੱਸਿਆ ਕਿ ਮੋਗਾ ਫਿਰੋਜ਼ਪੁਰ ਜੀ.ਟੀ. ਰੋਡ ਨਿਧਾਂ ਵਾਲੇ ਅੱਡੇ ’ਤੇ ਲਾਗਲੇ 20 ਪਿੰਡਾਂ ਦੀ ਸੰਗਤ ਡਰੋਲੀ ਭਾਈ ਤੋਂ ਰਵਾਨਾ ਹੋਣ ਵਾਲੇ ਨਗਰ ਕੀਰਤਨ ਦਾ ਸਵਾਗਤ ਕਰੇਗੀ । ਦੌਲਤਪੁਰਾ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਨਗਰ ਕੀਰਤਨ ਦੇ ਰਸਤੇ ਉੱਪਰ ਪਾਣੀ ਦਾ ਛਿੜਕਾਓ  ਕਰਕੇ  ਸਾਫ਼ ਸਫਾਈ ਦਾ ਵਧੀਆ ਪ੍ਰਬੰਧ ਕਰਨ।  ਉਹਨਾਂ ਕਿਹਾ ਕਿ ਅਸੀਂ ਵੱਡਭਾਗੀ ਹਾਂ ਕਿ ਸ਼੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸ਼ੁਰੂ ਹੋਏ ਇਸ ਨਗਰ ਕੀਰਤਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ । ਉਹਨਾਂ ਅਪੀਲ ਕੀਤੀ ਮੋਗਾ ਸ਼ਹਿਰ ਦੇ ਆਪਣੇ ਨੇੜਲੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੇ ਸਪੀਕਰਾਂ ਵਿੱਚ ਅਵਾਜ਼ ਦੇ ਦਿੱਤੀ ਜਾਵੇ ਤਾਂ ਜੋ ਹਰ ਇੱਕ ਇਲਾਕਾ ਨਿਵਾਸੀ ਨੂੰ ਨਗਰ ਕੀਰਤਨ ਦੀ ਆਮਦ ਦਾ ਪਤਾ ਚੱਲ ਜਾਵੇ ਤੇ ਸਮੂਹ ਸਾਧ ਸੰਗਤ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਦੇ ਹੋਏ ਨਗਰ ਕੀਰਤਨ ਦੇ ਸਵਾਗਤ ਲਈ ਨੇੜਲੇ ਪੜਾਵਾਂ ਤੇ ਪਹੁੰਚ ਜਾਵੇ ਨਗਰ ਕੀਰਤਨ ਦੇ  ਰੂਟ ਬਾਰੇ ਦੱਸਦਿਆਂ ਉਹਨਾਂ ਆਖਿਆ ਕਿ 31 ਅਕਤੂਬਰ ਦਿਨ ਵੀਰਵਾਰ ਡਰੋਲੀ ਭਾਈ ਤੋਂ  ਸਵੇਰੇ 8 ਵਜੇ ਰਵਾਨਗੀ ਹੋਵੇਗੀ ਉਪਰੰਤ ਡਰੋਲੀ ਭਾਈ ਤੋਂ ਜੀ.ਟੀ. ਰੋਡ ਨਿਧਾਂ ਵਾਲੇ ਅੱਡੇ ਤੋਂ ਮੇਨ ਜੀ.ਟੀ. ਰੋਡ (ਰੱਤੀਆਂ ਵਾਲਾ ਮੋੜ) ਰੱਤੀਆਂ ਵਾਲੇ ਮੋੜ ਤੋਂ  ਪੁੱਲ ਥੱਲੇ ਦੀ ਘੱਲ ਕਲਾਂ ਨੂੰ ,ਘੱਲ ਕਲਾਂ ਤੋਂ  ਬੁੱਕਣਵਾਲਾ ,ਬੁੱਕਣਵਾਲਾ ਤੋ ਸਿੰਘਾਂਵਾਲਾ, ਸਿੰਘਾਂਵਾਲਾ ਤੋਂ ਮੋਗੇ ਸ਼ਹਿਰ ਵੱਲ ਨੂੰ ਕੋਟਕਪੂਰਾ ਬਾਈਪਾਸ, ਤਿੰਨ ਨੰਬਰ ਚੂੰਗੀ ਤੋ ਸ਼ਹਿਰ ਵਿੱਚ ਦਾਖਿਲ ਹੋਣ ਉਪਰੰਤ ਚੌਂਕ ਸ਼ੇਖਾਂ ਤੇ ਫਿਰ ਮੇਨ ਬਜ਼ਾਰ ਵਿੱਚ ਦੀ ਹੁੰਦਾ ਹੋਇਆਂ ਗੁਰਦੁਆਰਾ ਬੀਬੀ ਕਾਹਨ ਕੌਰ (ਬਜ਼ਾਰ ਵਾਲੀ ਸਾਈਡ) ਦੇ ਅੱਗੇ ਤੋ ਹੁੰਦਾ ਹੋਇਆ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਚੌਂਕ (ਮੇਨ ਚੌਂਕ) ਮੋਗਾ ਤੋਂ ਅੰਮਿ੍ਰਤਸਰ ਰੋਡ ਮੋਗਾ ਤੇ ਫਿਰ ਲੰਢੇਕੇ ਤੋ ਲੋਹਾਰਾ ਚੌਂਕ ਹੁੰਦਾ ਹੋਇਆ ਕੋਟ ਈਸੇ ਖਾਂ ਲਈ ਰਵਾਨਾ ਹੋਵੇਗਾ ਜਿੱਥੋਂ ਚੀਮਾਂ ਪਿੰਡ ਵਿੱਚ ਦੀ ਹੁੰਦੇ ਹੋਏ ਜਲਾਲਾਬਾਦ ਪੂਰਬੀ (ਨਵਾਂ ਹਾਈਵੇ ਨਜ਼ਦੀਕ ਪੈਟਰੋਲ ਪੰਪ) ਜਲਾਲਾਬਾਦ ਤੋਂ  ਧਰਮਕੋਟ ਚੌਂਕ ਊਧਮ ਸਿੰਘ ਤੋਂ ਹੁੰਦੇ ਹੋਏ ਬੱਸ ਅੱਡਾ ਧਰਮਕੋਟ ਤੋ ਮੇਨ ਬਜ਼ਾਰ ਧਰਮਕੋਟ, ਮੇਨ ਬਜ਼ਾਰ ਧਰਮਕੋਟ ਤੋਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਸਿੰਘ ਸਭਾ ਧਰਮਕੋਟ ,ਸਿਵਲ ਹਸਪਤਾਲ ਦੇ ਅੱਗੇ ਤੋ ਗੁਰਦੁਆਰਾ ਪੂਰਨ ਸਿੰਘ ਦੇ ਅੱਗੇ ਤੋ ਹੁੰਦੇ ਹੋਏ, ਢੋਲੇਵਾਲਾ ਰੋਡ ਸੈਕਟਰੀਏਟ ਧਰਮਕੋਟ ਦੇ ਅੱਗੇ ਤੋਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਹਜ਼ੂਰ ਸਾਹਿਬ ਧਰਮਕੋਟ ਵਿਖੇ ਰਾਤਰੀ ਵਿਸ਼ਰਾਮ ਕਰੇਗਾ ਤੇ ਅਗਲੇ ਦਿਨ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ।