ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਓਵਰ ਆਲ ਟਰਾਫ਼ੀ ਦਾ ਤਾਜ ਸੁਖਾਨੰਦ ਕਾਲਜ ਦੇ ਸਿਰ ਤੇ ਸਜਿਆ , ਜਿੱਤ ਦੇ ਜਸ਼ਨ ਨਾਲ ਹੋਈ ਯੁਵਕ ਅਤੇ ਵਿਰਾਸਤੀ ਮੇਲੇ ਦੀ ਸਮਾਪਤੀ

ਬਾਘਾਪੁਰਾਣਾ,30 ਅਕਤੂਬਰ (ਜਸ਼ਨ): 61ਵਾਂ ਤਿੰਨ ਰੋਜ਼ਾ ਪੰਜਾਬ ਯੂਨੀਵਰਸਿਟੀ ਯੁਵਕ ਅਤੇ ਵਿਰਾਸਤੀ ਮੇਲਾ,ਮੋਗਾ-ਫ਼ਿਰੋਜ਼ਪੁਰ, ਜ਼ੋਨ-ਬੀ  ਦੀ ਸਮਾਪਤੀ ਜਿੱਤ ਦੇ ਜਸ਼ਨ ਅਤੇ  ਓਵਰਆਲ ਟਰਾਫ਼ੀ ਨਾਲ ਹੋਈ ਜਿਸ ਦੀ ਮਾਲਕੀ ਇਸ ਵਰੇ੍ਹ ਸੁਖਾਨੰਦ ਕਾਲਜ ਨੇ ਹਾਸਲ ਕੀਤੀ। 11 ਕਾਲਜਾਂ ਵਿੱਚ ਚੱਲੇ ਕਰੜੇ ਸੰਘਰਸ਼ ਉਪਰੰਤ ਜਿੱਤ ਦਾ ਤਾਜ ਆਖ਼ਿਰ ਸੁਖਾਨੰਦ ਕਾਲਜ ਦੇ ਸਿਰ ਤੇ ਸਜਿਆ। ਕੁਲ 63 ਆਇਟਮਾਂ ਵਿੱਚੋਂ 124 ਅੰਕ ਹਾਸਿਲ ਕਰਕੇ ਸੁਖਾਨੰਦ ਕਾਲਜ ਨੇ ਪਹਿਲਾ ਸਥਾਨ ਜਦਕਿ ਐੱਸ ਡੀ ਕਾਲਜ ਫ਼ਾਰ ਵੋਮੈਨ ਮੋਗਾ ਨੇ 104 ਅੰਕਾਂ ਅਤੇ ਖਾਲਸਾ ਕਾਲਜ ਫ਼ਾਰਵੋਮੈਨ, ਸਿੱਧਵਾਂ ਖੁਰਦ ਨੇ 102 ਅੰਕਾਂ ਨਾਲ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਆਪਣੀਆਂ ਪ੍ਰਸ਼ਾਸਨਿਕ ਅਤੇ ਵਿੱਤੀ ਮੁਸ਼ਕਲਾਂ ਦੇ ਬਾਵਜੂਦ ਸੁਖਾਨੰਦ ਕਾਲਜ ਨੇ ਨਾ ਸਿਰਫ਼ ਬੁਲੰਦੀ ਛੋਹੀ ਬਲਕਿ ਮੋਗਾ-ਫ਼ਿਰੋਜ਼ਪੁਰ, ਜ਼ੋਨ-ਬੀ ਦਾ ਮੇਜ਼ਬਾਨ ਕਾਲਜ ਬਣ ਕੇ ਸਮੁੱਚੇ ਕਾਰਜ ਨੂੰ ਸਫ਼ਲਤਾ ਪੂਰਵਕ ਨੇਪਰੇ ਵੀ ਚਾੜ੍ਹਿਆ। ਕਾਲਜ ਪੁੱਜੀਆਂ ਉੱਘੀਆਂ ਸ਼ਖ਼ਸੀਅਤਾਂ ਅਤੇ ਮਹਿਮਾਨਾਂ ਨੇ ਕਾਲਜ ਦੇ ਸਮੁੱਚੇ ਅਨੁਸ਼ਾਸਨ, ਸੁਯੋਗ ਪ੍ਰਬੰੰਧ ਦੀ ਸ਼ਲਾਘਾ ਕੀਤੀ। ਕਾਲਜ ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਕਰਵਾਏ ਗਏ ਯੁਵਕ ਮੇਲੇ ਦੀ ਮੱੁਖ ਵਿਸ਼ੇਸ਼ਤਾ ਇਹ ਰਹੀ ਕਿ ਪਹਿਲੀ ਵਾਰ ਪੰਜਾਬੀ,ਹਿੰਦੀ ਅਤੇ ਅੰਗਰੇਜ਼ੀ ਵਿੱਚ ਸੁੰਦਰ ਲਿਖਾਈ ਮੁਕਾਬਲੇ ਵੀ ਕਰਵਾਏ ਗਏ। ਦੂਜੀ ਵਿਸ਼ੇਸ਼ਤਾ ਇਹ ਰਹੀ ਕਿ ਹਰ ਕਾਲਜ ਕਿਸੇ ਨਾ ਕਿਸੇ ਮੁਕਾਬਲੇ ਵਿੱਚ ਪਹਿਲਾ ਸਥਾਨ ਲੈਣ ਕਰਕੇ ਅੰਤਰ ਕਾਲਜ ਯੁਵਕ ਮੇਲੇ ਵਿੱਚ ਭਾਗ ਲੈਣ ਲਈ ਨੈਸ਼ਨਲ ਕਾਲਜ, ਦੋਰਾਹਾ ਪੁੱਜੇਗਾ। ਯੁਵਕ ਮੇਲੇ ਦੇ ਆਖ਼ਿਰੀ ਸੈਸ਼ਨ ਦੇ ਮੱੁਖ ਮਹਿਮਾਨ ਸ. ਸਿਕੰਦਰ ਸਿੰਘ ਮਲੂਕਾ, ਸਾਬਕਾ ਕੈਬਿਨੇਟ ਮੰਤਰੀ ਪੰਜਾਬ ਸਰਕਾਰ ਨੇ ਕਿਹਾ ਕਿ ਸਮੇਂ ਦੀ ਤੇਜ਼ੀ ਨੇ ਜਿੱਥੇ ਵਿਰਸੇ ਨੂੰ ਧੁੰਦਲਾ ਪਾ ਦਿੱਤਾ ਹੈ ਉੱਥੇ ਅਜਿਹੇ ਯੁਵਕ ਮੇਲੇ ਪੁਰਾਤਨ ਸਭਿਆਚਾਰ ਨੂੰ ਜਿਉਂਦਾ ਰੱਖਦੇ ਹਨ। ਸ. ਮਲੂਕਾ ਨੇ ਗਿੱਧੇ ਦੀਆਂ ਚਾਰੇ ਟੀਮਾਂ ਨੂੰ ਪੱਚੀ-ਪੱਚੀ ਸੌ ਰੁਪਏ ਵੀ ਇਨਾਮ ਵਜੋਂ ਵੀ ਦਿੱਤੇ। ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ ਚੇਅਰਮੈਨ ਸ. ਮੱਖਣ ਸਿੰਘ  ਨੇ ਕਾਲਜ ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ, ਉੱਪ-ਪਿ੍ਰੰਸੀਪਲ ਗੁਰਜੀਤ ਕੌਰ,  ਯੁਵਕ ਅਤੇ ਵਿਰਾਸਤੀ ਮੇਲੇ ਦੇ ਪ੍ਰਬੰਧਕੀ ਸਕੱਤਰ ਮੈਡਮ ਸੁਖਵਿੰਦਰ ਕੌਰ,ਮੁਖੀ ਕਾਮਰਸ ਤੇ ਮੈਨੇਜਮੈਂਟ ਵਿਭਾਗ,ਕਾਲਜ ਦੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਕਿਹਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ