ਭਾਰਤੀ ਸੰਸਕ੍ਰਿਤੀ ਦੀ ਸ਼ਾਨ ਤਿਓਹਾਰਾਂ ਤੋਂ ਵਾਕਿਫ਼ ਹੋ ਕੇ ਆਉਣ ਵਾਲੀਆਂ ਪੀੜੀਆਂ ਗ੍ਰਹਿਣ ਕਰਦੀਆਂ ਨੇ ਉੱਤਮ ਸੰਸਕਾਰ : ਐੱਮ ਐੱਲ ਏ ਡਾ: ਹਰਜੋਤ ਕਮਲ

ਮੋਗਾ, 26 ਅਕਤੂਬਰ:(ਜਸ਼ਨ): ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਇਸ ਵਾਰ ਦੀ ਪ੍ਰਦੂਸ਼ਣ ਮੁਕਤ ਦੀਵਾਲੀ  ਮਨਾਉਣ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਡਾ: ਕਮਲ ਨੇ ਆਖਿਆ ਕਿ ਭਾਰਤ ਦੀ ਅਮੀਰ ਸੰਸਕ੍ਰਿਤੀ ਵਿਚ ਸਮੋਏ ਅਨੇਕਾਂ ਦਿਨ ਤਿਓਹਾਰ ਜਿੱਥੇ ਲੋਕਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਦੇ ਨੇ ਉੱਥੇ ਇਹਨਾਂ ਤਿਓਹਾਰਾਂ ਨਾਲ ਜੁੜੇ ਇਤਿਹਾਸ ਤੋਂ ਵਾਕਿਫ਼ ਹੋ ਕੇ ਆਉਣ ਵਾਲੀਆਂ ਪੀੜੀਆਂ ਲਈ ਉੱਤਮ ਸੰਸਕਾਰਾਂ ਦਾ ਪ੍ਰਵਾਹ ਵੀ ਕਰਦੇ ਹਨ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਿੱਥੇ ਭਗਵਾਨ ਰਾਮ ਦੀ ਆਮਦ ’ਤੇ ਲੋਕ ਖੁਸ਼ੀ ਮਨਾਉਂਦੇ ਨੇ ਉੱਥੇ ਭਗਵਾਨ ਰਾਮ ਦੇ ਆਦਰਸ਼ਕ ਜੀਵਨ ਤੋਂ ਸੇਧ ਵੀ ਪ੍ਰਾਪਤ ਕਰਦੇ ਹਨ । ਬੰਦੀ ਛੋੜ ਦਿਵਸ ਬਾਰੇ ਜ਼ਿਕਰ ਕਰਦਿਆਂ ਉਹਨਾਂ ਆਖਿਆ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਿਸ਼ਾਹ ਤੱਕ ਗੁਰੂ ਸਾਹਿਬਾਨ ਜ਼ੁਲਮ ਖਿਲਾਫ਼ ਜੰਗ ਲੜਦੇ ਰਹੇ ਤੇ ਇਸੇ ਸੰਦਰਭ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਨੇ ਪਹਾੜੀ ਰਾਜਿਆਂ ਨੂੰ ਮੁਗਲਾਂ ਦੀ ਕੈਦ ਵਿਚੋਂ ਮੁਕਤ ਕਰਵਾਇਆ ਅਤੇ ਬੰਦੀ ਛੋੜ ਅਖਵਾਏ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ