ਜ਼ਿਲੇ ਦੇ ਸਮੂਹ ਅਧਿਕਾਰੀ ‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਹਵਾ, ਪਾਣੀ ਅਤੇ ਭੋਜਨ ਦੀ ਗੁਣਵੱਤਾ ਦੀ ਉੱਚਿਤ ਸੰਭਾਲ ਕਰਨ ਨੂੰ ਯਕੀਨੀ ਬਣਾਉਣ-ਅਨੀਤਾ ਦਰਸ਼ੀ

ਮੋਗਾ 22 ਅਕਤੂਬਰ (ਜਸ਼ਨ):ਸਮੂਹ ਵਿਭਾਗਾਂ ਦੇ ਅਧਿਕਾਰੀ ਪੰਜਾਬ ਸਰਕਾਰ ਵੱਲੋ ਆਰੰਭੇ ਗਏ ‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਹਵਾ, ਪਾਣੀ ਅਤੇ ਭੋਜਨ ਦੀ ਗੁਣਵੱਤਾ ਦੀ ਉੱਚਿਤ ਸੰਭਾਲ ਕਰਨ ਅਤੇ ਜ਼ਿਲੇ ਦੇ ਹਰ ਨਾਗਰਿਕ ਵਾਸਤੇ ਚੰਗਾ ਜੀਵਨ ਜਿਉਣ ਲਈ ਸੁਖਾਵਾਂ ਮਾਹੌਲ ਸਿਰਜਣ ਨੂੰ ਯਕੀਨੀ ਬਣਾਉਣ।ਇਹ ਪ੍ਰੇਰਨਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ‘ਤੰਦਰੁਸਤ ਪੰਜਾਬ ਮੁਹਿੰਮ‘ ਤਹਿਤ ਗਠਿਤ ਜ਼ਿਲਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ, ਐਸ.ਡੀ.ਐਮ. ਬਾਘਾਪੁਰਾਣਾ ਸਵਰਨਜੀਤ ਕੌਰ, ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਰਾਮ ਸਿੰਘ ਵੀ ਮੌਜੂਦ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਦੇ ਅਧਿਕਾਰੀ ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕਰਕੇ ਬਣਦਾ ਯੋਗਦਾਨ ਪਾਉਣ, ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਤੰਦਰੁਸਤ ਜੀਵਨ ਪ੍ਰਦਾਨ ਕਰਕੇ ਬਿਮਾਰੀਆਂ ਤੋ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਗਾ ਜ਼ਿਲੇ ਦੇ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਦਾ ਕੰਮ ਲਗਭਗ ਮੁਕੰਮਲ ਕਰ ਲਿਆ ਗਿਆ ਹੈ ਜੋ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਵਿੱਚ ਬਹੁਤ ਵੱਡਾ ਯੋਗਦਾਨ ਪਾਵੇਗਾ। ਉਨਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਮੂਹ ਉਪ ਮੰਡਲ ਮੈਜਿਸਟ੍ਰੇਟ ਪਿੰਡਾਂ ਵਿੱਚ ਖਾਲੀ ਪਈਆਂ ਥਾਵਾਂ ‘ਤੇ ਖੇਡ ਮੈਦਾਨ ਵਿਕਸਤ ਕਰਨ ਲਈ ਅੱਗੇ ਹੋ ਕੇ ਕੰਮ ਕਰਨ, ਤਾਂ ਜੋ ਨੌਜਵਾਨ ਵਰਗ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਨਸ਼ਿਆਂ ਦੀ ਲਾਹਨਤ ਤੋ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਮਿਸ਼ਨ ਤਹਿਤ ਵਾਤਾਵਰਣ ਦੀ ਸ਼ੁੱਧਤਾ ਲਈ ਜ਼ਿਲੇ ਦੇ ਸਾਰੇ ਪਿੰਡਾਂ ਵਿੱਚ ਵੱਧ ਤੋ ਵੱਧ ਬੂਟੇ ਲਗਾਏ ਜਾਣ। ਉਨਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲੇ ਅੰਦਰ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਲੋੜ ਅਨੁਸਾਰ ਵਰਤੋ ਕਰਨ ਲਈ ਜਾਗਰੂਕਤਾ ਕੈਪ ਆਯੋਜਿਤ ਕੀਤੇ ਜਾਣ। ਉਨਾਂ ਖੇਤੀਬਾੜੀ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜ਼ਿਲੇ ਦੇ ਵੱਧ ਤੋ ਵੱਧ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫ਼ਲ ਬਣਾਇਆ ਜਾ ਸਕੇ। ਉਨਾਂ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਨਿਰਵੈਰ ਸਿੰਘ ਬਰਾੜ ਨੂੰ ਦਿਵਾਲੀ ਦੇ ਤਿੳਹਾਰ ਦੇ ਮੱਦੇਨਜ਼ਰ ਪਿੰਡਾਂ ਵਿੱਚ ਵੱਧ ਤੋ ਵੱਧ ਦੁੱਧ ਉਤਪਾਦਕ, ਦੁੱਧ ਖਪਤਕਾਰ ਅਤੇ ਮਿਲਾਵਟੀ ਦੁੱਧ ਦੀ ਪਰਖ ਕਰਨ ਲਈ ਜਾਗਰੂਕਤਾ ਕੈਪ ਲਗਾਉਣ ਦੇ ਆਦੇਸ਼ ਦਿੱਤੇ ਤਾਂ ਜੋ ਖਾਣ ਪੀਣ ਵਾਲੀਆਂ ਵਸਤਾਂ ਵਿੱਚੋ ਮਿਲਾਵਟਖੋਰੀ ਨੂੰ ਖਤਮ ਕੀਤਾ ਜਾ ਸਕੇ। ਇਸ ਮੀਟਿੰਗ ਵਿੱਚ ਐਸ.ਪੀ. ਹੈਡਕੁਆਰਟਰ ਰਤਨ ਸਿੰਘ ਬਰਾੜ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਮੀਤ ਸਿੰਘ, ਜ਼ਿਲਾ ਰਸਿਟ੍ਰਾਰ ਕੋਆਰਪ੍ਰੇਟਿਵ ਸੋਸਾਇਟੀਜ਼  ਕੁਲਦੀਪ ਕੁਮਾਰ, ਡੇਅਰੀ ਵਿਕਾਸ ਅਫ਼ਸਰ ਨਿਰਵੈਰ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਦੀਸ਼ ਸਿੰਘ ਰਾਹੀ, ਡ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ/ਨੁਮਾਇੰਦੇ ਹਾਜ਼ਰ ਸਨ।