ਜੇਕਰ ਸਰਕਾਰ ਸਰਵਿਸ ਰੋਡ ਨਹੀਂ ਬਣਾ ਸਕਦੀ ਤਾਂ ਸ਼ਹਿਰ ਵਿਚਲੀਆਂ ਸਰਵਿਸ ਰੋਡ ਦੇ ਖੱਡੇ ਹੀ ਭਰਾ ਦੇਵੇ: ਨਸੀਬ ਬਾਵਾ ਪ੍ਰਧਾਨ ਆਪ ਜ਼ਿਲਾ ਮੋਗਾ

ਮੋਗਾ 23 ਅਕਤੂਬਰ (ਜਸ਼ਨ): ਨੈਸਨਲ ਹਾਈਵੇ ਬਨਾਉਣ ਦੀਆਂ ਤਰੀਕਾਂ ਕਈ ਵਾਰ ਲੰਘ ਚੁੱਕੀਆਂ ਹਨ। ਪ੍ਰਸ਼ਾਸ਼ਨ ਤੋਂ ਵਾਰ ਵਾਰ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਸ਼ਹਿਰ ਵਿੱਚੋਂ ਲੰਘਦੇ ਹਾਈਵੇ ਦੀਆਂ ਸਰਵਿਸ ਲੇਨਜ਼ ਜਲਦੀ ਬਣ ਜਾਣਗੀਆਂ ਪਰ ਨੈਸ਼ਨਲ ਹਾਈਵੇ ਦੀ ਸਥਿਤੀ ਇਹ ਬਣ ਚੁੱਕੀ ਹੈ ਕਿ ਸ਼ਹਿਰ ਵਿੱਚ ਹਰ ਰੋਜ਼ ਹਾਦਸਿਆਂ ਵਿੱਚ ਵਾਧਾ ਹੋ ਰਿਹੈ ਤੇ ਸਾਡੇ ਚੁਣੇ ਹੋਏ ਨੁਮਾਇੰਦੇ ਹੱਥ ਤੇ ਹੱਥ ਧਰੀ ਬੈਠੇ ਹਨ। ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਨਸੀਬ ਬਾਵਾ ਨੇ ਇੱਕ ਪ੍ਰੈੱਸ ਨੋਟ ਰਾਹੀਂ ਆਮ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੁੰਭਕਰਨੀ ਨੀਂਦ ਤੋਂ ਉਠਣ ਕਿਉਂਕਿ ਉਨਾਂ ਨੂੰ ਵੀ ਹਰ ਰੋਜ਼ ਇਨਾਂ ਸੜਕਾਂ ਤੋਂ ਹੀ ਲੰਘਣਾ ਪੈਂਦਾ ਹੈ। ਉਹ ਜਰੂਰ ਦੇਖਦੇ ਹੋਣਗੇ ਕਿ ਜੋ ਲੋਕ ਲੁਧਿਆਣੇ ਤੋਂ ਕੋਟਕਪੂਰਾ ਨੂੰ ਜਾਣ ਵਾਲੀ ਸੜਕ ਤੇ ਆਪਣੀ ਗੱਡੀ ਉਤਾਰ ਦੇ ਹਨ ਤਾਂ ਬਹੁਤ ਸਾਰੀਆਂ ਗੱਡੀਆਂ ਪਲਟਦੀਆਂ ਹਨ ਅਤੇ ਕਈ ਵਾਰ ਇਕ ਦਿਨ ਵਿੱਚ ਦੀ ਹੀ ਕਈ ਕਈ ਗੱਡੀਆਂ ਪਲਟ ਜਾਂਦੀਆ ਹਨ ਅਤੇ ਜੋ ਲੋਕ ਉਸ ਪੁਲ ਦੇ ਉੱਪਰ ਚੜ ਜਾਂਦੇ ਹਨ ਉਨਾਂ ਦਾ ਵਾਹ ਪੁੱਲ ਉਪਰ ਪਏ ਖੱਡਿਆਂ ਨਾਲ ਪੈਂਦਾ ਹੈ । ਸ਼੍ਰੀ ਬਾਵਾ ਨੇ ਲੋਕਾਂ ਦੇ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਪ੍ਰੋਗਰਾਮਾਂ ਤੇ ਫੀਤੇ ਕੱਟਣ ਦੇ ਨਾਲ ਨਾਲ ਇਸ ਕੰਮ ਵੱਲ ਵੀ ਧਿਆਨ ਦੇਣ ਕਿਉਂਕਿ ਅਜਿਹੇ ਕੰਮ ਸਿਰਫ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੀ ਕਰ ਸਕਦੇ ਹਨ, ਜਿਨਾਂ ਦਾ ਸਬੰਧ ਕਿਸੇ ਸਰਕਾਰ ਨਾਲ ਸਿੱਧਾ ਹੁੰਦਾ ਹੈ। ਸ਼੍ਰੀ ਬਾਵਾ ਨੇ ਜ਼ਿਲਾ ਮੋਗਾ ਦੇ ਸਤਿਕਾਰਯੋਗ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਹੈ ਕਿ ਠੇਕੇਦਾਰਾਂ ਵੱਲੋਂ ਬਣਾਏ ਪੁਲਾਂ ਦਾ ਵੀ ਕਿਸੇ ਟੈਕਨੀਕਲ ਅਫ਼ਸਰ ਤੋਂ ਨਿਰੀਖਣ ਕਰਾਇਆ ਜਾਵੇ ਕਿਉਂਕਿ ਜੋ ਆਮ ਦੇਖਣ ਵਿੱਚ ਆ ਰਿਹਾ ਹੈ ਕਿ ਠੇਕੇਦਾਰਾਂ ਵੱਲੋਂ ਬਣਾਏ ਪੁਲਾਂ ਦੀ ਵੀ ਹਾਲਤ ਚੰਗੀ ਨਹੀਂ ਹੈ। ਸ਼੍ਰ੍ਰੀ ਬਾਵਾ ਨੇ ਪ੍ਰਸ਼ਾਸ਼ਨ ਅਤੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਹ ਨੈਸ਼ਨਲ ਹਾਈਵੇ ਦੀਆਂ ਸਰਵਿਸ ਰੋਡ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਅਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਸ਼ਹਿਰ ਵਿਚਲੀਆਂ ਸਰਵਸ ਰੋੜ ਨੂੰ ਜਲਦੀ ਬਨਵਾਉਣ।