ਕੈਂਬਰਿਜ ਇੰਟਰਨੈਸ਼ਨਲ ਸਕੂਲ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਸਬੰਧਤ ਵਿਸ਼ੇਸ਼ ਪ੍ਰਾਰਥਨਾ ਸਭਾ ਦੀ ਹੋਈ ਸ਼ੁਰੂਆਤ

ਮੋਗਾ,23 ਅਕਤੂਬਰ (ਜਸ਼ਨ): ਮੋਗਾ ਕੋਟਕਪੂਰਾ ਰੋਡ ’ਤੇ ਸਥਿਤ ਕੈਂਬਰਿਜ ਇੰਟਰਨੈਸ਼ਨਲ ਸਕੂਲ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪ੍ਰਾਰਥਨਾ ਸਭਾ ਸ਼ੁਰੂ ਕੀਤੀ ਗਈ ਏ,ਜਿਸ ਦੀ ਲੜੀ ਰੋਜ਼ਾਨਾ ਚੱਲੇਗੀ। ਇਸ ਪ੍ਰਾਰਥਨਾ ਸਭਾ ਦੀ ਸ਼ੁਰੂਆਤ ਮੌਕੇ ਪੰਜਾਬੀ ਵਿਸ਼ੇ ਦੇ ਐੱਚ ਓ ਡੀ ਸ਼੍ਰੀਮਤੀ ਸਰਬਜੀਤ ਕੌਰ ਨੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨੂੰ ਬਿਆਨ ਕੀਤਾ । ਇਸ ਮੌਕੇ ਸਕੂਲ ਪਿ੍ਰੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਪਹਿਲਾਂ ਆਪਣੇ ਫਿਲਸਫ਼ਰ ਅਤੇ ਵਿਗਿਆਨਕ ਦਿ੍ਰਸ਼ਟੀਕੋਣ ਨਾਲ ਇਹ ਬਿਆਨ ਕਰ ਦਿੱਤਾ ਸੀ ਕਿ ਲੱਖਾਂ ਹੀ ਪਾਤਾਲ ਅਤੇ ਲੱਖਾਂ ਹੀ ਅਕਾਸ਼ ਹਨ,ਜਿਸ ਗੱਲ ਨੂੰ ਅੱਜ ਵਿਗਿਆਨੀ ਵੀ ਮੰਨਦੇ ਹਨ । ਉਹਨਾਂ ਕਿਹ ਕਿ ਗੁਰੂ ਸਾਹਿਬ ਨੇ ਔਰਤ ਦੀ ਦੁਰਦਸ਼ਾ ਹੁੰਦੀ ਵੇਖ ਕੇ ਇਹ ਵੀ ਲਿਖਿਆ ਕਿ ‘ਸੋ ਕਿਉਂ ਮੰਦਾ ਆਖੀਐ,ਜਿਤੁ ਜੰਮੇ ਰਾਜਾਨੁ’’ । ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਵੀ ਕਿਹਾ ਕਿ ਸੀ ਕਿ ਖੁਦਾ ਨੇ ਖੁਦਾਈ ਤੋਂ ਉਤਰ ਕੇ ਦੂਜਾ ਦਰਜਾ ਸਫ਼ਾਈ ਨੂੰ ਦਿੱਤਾ। ਗੁਰੂ ਸਾਹਿਬ ਨੇ ਆਪਣੀਆਂ ਸਿੱਖਿਆਵਾਂ ਵਿਚ ਕਿਹਾ ਹੈ ਕਿ ਬਾਹਰ ਦੀ ਸਫ਼ਾਈ ਦੇ ਨਾਲ ਨਾਲ ਸਾਨੂੰ ਆਪਣੇ ਅੰਦਰਲੀ ਸਫ਼ਾਈ ਕਰਕੇ ਆਪਣੇ ਅੰਦਰਲੇ ਵਿਕਾਰ ਬਾਹਰ ਕੱਢ ਦੇਣੇ ਚਾਹੀਦੇ ਹਨ । ਕੈਂਬਰਿਜ ਸਕੂਲ ਦੀ ਪ੍ਰਾਰਥਨਾ ਸਭਾ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਲਿਆ ਸ਼ਬਦ ਪ੍ਰਸਤੁਤ ਕੀਤਾ ਗਿਆ । ਪਿ੍ਰੰਸੀਪਲ ਮੈਡਮ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਹਰ ਰੋਜ਼ ਗੁਰੂ ਸਾਹਿਬ ਜੀ ਦੀ ਇਕ ਸਿੱਖਿਆ ਨੂੰ ਲੈ ਕੇ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ ਤਾਂ ਹੀ ਸਾਡੇ ਜੀਵਨ ਵਿਚ ਰੌਸ਼ਨੀ ਹੋ ਸਕਦੀ ਹੈ ਅਤੇ ਸਾਡਾ ਮਨੁੱਖਾ ਜੀਵਨ ਸਫ਼ਲਾ ਹੋ ਸਕਦਾ ਹੈ।