ਸੂਬੇਦਾਰ ਜੋਗਿੰਦਰ ਸਿੰਘ ਦੇ 57ਵੇਂ ਸ਼ਹੀਦੀ ਦਿਹਾੜੇ ਮੌਕੇ ਕਰਵਾਇਆ ਸ਼ਰਧਾਂਜਲੀ ਸਮਾਗਮ, ਫੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਸਰਕਾਰੀ ਸਨਮਾਨਾਂ ਨਾਲ ਗਾਰਡ ਆਫ ਆਨਰ ਕੀਤਾ ਗਿਆ ਪੇਸ਼

ਮੋਗਾ 23 ਅਕਤੂਬਰ: (ਜਸ਼ਨ): ਸਾਲ 1962 ਦੀ ਹਿੰਦ-ਚੀਨ ਜੰਗ ਦੌਰਾਨ ਬਹਾਦਰੀ ਦੇ ਜੌਹਰ ਦਿਖਾਉਣ ਉਪਰੰਤ ਦੇਸ਼ ਲਈ ਸ਼ਹੀਦੀ ਪਾਉਣ ਵਾਲੇ ਸੂਬੇਦਾਰ ਜੋਗਿੰਦਰ ਸਿੰਘ (ਸ਼ਹੀਦੀ ਉਪਰੰਤ ਪਰਮਵੀਰ ਚੱਕਰ ਵਿਜੇਤਾ) ਦੇ 57ਵੇਂ ਸ਼ਹੀਦੀ ਦਿਹਾੜੇ ਮੌਕੇ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਅਤੇ ਸੈਨਾ ਦੇ ਕਰਨਲ ਸੁਜਿਤ ਸੋਨੀ ਕਮਾਂਡਿੰਗ ਅਫ਼ਸਰ 20 ਗੜਵਾਲ ਰਾਇਫ਼ਲ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ, ਮੋਗਾ ਸਥਿਤ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਸਮਾਰਕ ‘ਤੇ ਫੁੱਲ ਮਾਲਾਵਾਂ ਅਰਪਿਤ ਕਰਦਿਆਂ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ। ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਧੀ ਸ੍ਰੀਮਤੀ ਕੁਲਵੰਤ ਕੌਰ, ਐਸ.ਪੀ. (ਹੈੱਡ) ਰਤਨ ਸਿੰਘ ਬਰਾੜ , ਕੇ.ਐਸ. ਸੰਧੂ ਡੀ.ਐਸ.ਪੀ., ਐਸ.ਡੀ.ਐਮ. ਨਰਿੰਦਰ ਸਿੰਘ ਧਾਲੀਵਾਲ, ਕਰਨਲ ਦਰਸ਼ਨ ਸਿੰਘ ਉਪ-ਪ੍ਰਧਾਨ ਜ਼ਿਲਾ ਸੈਨਿਕ ਬੋਰਡ ਮੋਗਾ, ਮੇਜਰ ਯਸ਼ਪਾਲ ਸਿੰਘ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਮੋਗਾ, ਲੈਫ਼. ਕਰਨਲ ਬਾਬੂ ਸਿੰਘ ,ਕਰਨਲ ਬਲਕਾਰ ਸਿੰਘ ਜ਼ਿਲਾ ਇੰਚਾਰਜ਼ ਜੀ.ਓ.ਜੀ. ਮੋਗਾ ਆਦਿ ਨੇ ਵੀ ਰੀਤ ਭੇਂਟ ਕਰਕੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ । ਸਮਾਗਮ ਦੌਰਾਨ ਸਾਬਕਾ ਸੈਨਿਕਾਂ ਤੋਂ ਇਲਾਵਾ ਜੰਗੀ ਸ਼ਹੀਦਾਂ ਦੀਆਂ ਵਿਧਵਾਵਾਂ ਵੀ ਹਾਜ਼ਰ ਸਨ। ਨਾਇਬ ਸੂਬੇਦਾਰ ਮਨਮੋਹਨ ਸਿੰਘ ਦੀ ਅਗਵਾਈ ਹੇਠ ਸੈਨਾ ਦੀ 20 ਗੜਵਾਲ ਰਾਇਫ਼ਲਜ਼ ਬਟਾਲੀਅਨ ਦੀ ਟੁਕੜੀ ਵੱਲੋ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ, ਪਰਮਵੀਰ ਚੱਕਰ ਨੂੰ ਸਰਕਾਰੀ ਸਨਮਾਨਾਂ ਨਾਲ ਗਾਰਡ-ਆਫ-ਆਨਰ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲੀ ਵਿਦਿਆਰਥਣਾਂ ਨੇ ਦੇਸ਼ ਭਗਤੀ ਦੇ ਗੀਤ ਦਾ ਗਾਇਨ ਕੀਤਾ। ਇਸ ਮੌਕੇ ਕਰਨਲ ਸੁਜਿਤ ਸੋਨੀ ਕਮਾਂਡਿੰਗ ਅਫ਼ਸਰ ਵੱਲੋਂ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਧੀ ਸ੍ਰੀਮਤੀ ਕੁਲਵੰਤ ਕੌਰ ਨੂੰ ਸ਼ਾਲ ਭੇਂਟ ਕਰਨ ਦੀ ਰਸਮ ਅਦਾ ਕੀਤੀ ਗਈ । ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਵੱਲੋਂ 5 ਨਾਨ-ਪੈਨਸ਼ਨਰ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਨੂੰ ਮਾਲੀ ਸਹਾਇਤਾ ਦੇ ਚੈੱਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵੱਲੋਂ ਪ੍ਰਦਾਨ ਕੀਤੇ ਗਏ। ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬੇਦਾਰ ਜੋਗਿੰਦਰ ਸਿੰਘ ਦਾ ਜਨਮ 28 ਸਤੰਬਰ 1921 ਨੂੰ ਮੋਗਾ ਜ਼ਿਲੇ ਦੇ ਪਿੰਡ ਮਾਹਲਾ ਕਲਾਂ ਵਿਖੇ ਹੋਇਆ ਸੀ। ਉਹ 15 ਸਤੰਬਰ 1941 ਨੂੰ ਪਹਿਲੀ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਏ। ਸਾਲ 1962 ਹਿੰਦ-ਚੀਨ ਦੀ ਲੜਾਈ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਨੇ ਤਾਂਗਪੇਂਗ ਲਾਅ ਪੋਸਟ ‘ਤੇ ਚੀਨ ਦੀ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਅਣ-ਗਿਣਤ ਦੁਸ਼ਮਣਾਂ ਦੇ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਿਆ, ਪ੍ਰੰਤੂ ਦੁਸ਼ਮਣ ਦੀਆਂ ਵੱਡੀ ਗਿਣਤੀ ‘ਚ ਫੌਜਾਂ ਹੋਣ ਕਰਕੇ ਕਈ ਵਾਰ ਦੁਸ਼ਮਣ ਦੇ ਹਮਲੇ ਪਛਾੜਨ ਉਪਰੰਤ ਜੰਗ ਦੇ ਮੈਦਾਨ ਵਿੱਚ ਜਖਮੀ ਹੋ ਗਏ ਪਰ ਸਾਥੀ ਜਵਾਨਾਂ ਦੇ ਸ਼ਹੀਦ ਹੋਣ ਉਪਰੰਤ ਵੀ ਜ਼ਖਮੀਂ ਹਾਲਤ ਵਿਚ ਮਸ਼ੀਨਗੰਨ ਸੰਭਾਲਦਿਆਂ ਦੁਸ਼ਮਣ ਦਾ ਟਾਕਰਾ ਕਰਦੇ ਰਹੇ ਅਤੇ ਅਖੀਰ 23 ਅਕਤੂਬਰ 1962 ਨੂੰ ਵੀਰਗਤੀ ਨੂੰ ਪ੍ਰਾਪਤ ਹੋ ਗਏ। ਉਨਾਂ ਕਿਹਾ ਕਿ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਮਹਾਨ ਸ਼ਹਾਦਤ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਸ੍ਰੋਤ ਹੈ। ਜ਼ਿਕਰਯੋਗ ਹੈ ਕਿ ਸੂਬੇਦਾਰ ਜੋਗਿੰਦਰ ਸਿੰਘ ਦੀ ਜੋਸ਼ੀਲੀ ਅਗਵਾਈ, ਸ਼ਲਾਘਾਯੋਗ ਵੀਰਤਾ ਅਤੇ ਬੇਮਿਸਾਲ ਫ਼ਰਜ਼ ਨਿਭਾਉਣ ਕਾਰਣ ਭਾਰਤ ਸਰਕਾਰ ਵੱਲੋਂ ਉਨਾਂ ਨੂੰ ਸ਼ਹੀਦ ਹੋਣ ਉਪਰੰਤ ਦੇਸ਼ ਦੇ ਸਰਵਉਚ ਸਨਮਾਨ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨੂੰ ਭਾਰਤ ਦੇਸ਼ ਹਮੇਸ਼ਾਂ ਯਾਦ ਰੱਖੇਗਾ।