ਮਿਸ਼ਨ ਤੰਦਰੁਸਤ ਪੰਜਾਬ ਅਤੇ ਫਿੱਟ ਇੰਡੀਆ ਮੂਵਮੈਂਟ ਅਧੀਨ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ ਦਿੰਦੀਆਂ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ

ਮੋਗਾ 22 ਅਕਤੂਬਰ:(ਜਸ਼ਨ):ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੀ ਸਰਪ੍ਰਸਤੀ ਹੇਠ ਮਿਸ਼ਨ ਤੰਦਰੁਸਤ ਪੰਜਾਬ ਅਤੇ ਫਿੱਟ ਇੰਡੀਆ ਮੂਵਮੈਂਟ ਅਧੀਨ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਅਤੇ ਆਮ ਜਨਤਾ ਨੂੰ ਦਿਵਾਲੀ ਦੇ ਮੌਕੇ ਪਟਾਖੇ ਨਾ ਚਲਾਉਣ ਸਬੰਧੀ ਜਾਗਰੂਕ ਕਰਨ ਲਈ ਸਹਾਇਕ ਡਾਇਰੈਕਟ ਯੁਵਕ ਸੇਵਾਵਾਂ, ਮੋਗਾ ਸ੍ਰੀ ਜਗਦੀਸ਼ ਸਿੰਘ ਰਾਹੀ ਦੀ ਅਗਵਾਈ ਵਿੱਚ ਸਰਕਾਰੀ ਸੀ.ਸੈ. ਸਕੂਲ ਲੜਕੇ ਬਾਘਾ ਪੁਰਾਣਾ ਅਤੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀ.ਸੈ. ਸਕੂਲ, ਸੁਖਾਨੰਦ ਵਿੱਚ ਕੰਮ ਕਰ ਰਹੀਆਂ ਕੌਮੀ ਸੇਵਾ ਯੋਜਨਾ ਇਕਾਈਆਂ ਵੱਲੋਂ ਜਾਗਰੂਕਤਾ ਰੈਲੀਆਂ ਕੀਤੀਆਂ ਗਈਆਂ। ਸ. ਜਗਰੂਪ ਸਿੰਘ ਪਿ੍ਰੰਸੀਪਲ ਸਰਕਾਰੀ ਸੀ.ਸੈ. ਸਕੂਲ ਲੜਕੇ ਬਾਘਾ ਪੁਰਾਣਾ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਅਤੇ ਆਮ ਜਨਤਾ ਨੂੰ ਦੀਵਾਲੀ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਲਈ ਪ੍ਰੇਰਿਤ ਕੀਤਾ। ਪਿ੍ਰੰਸੀਪਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀ.ਸੈ. ਸਕੂਲ, ਸੁਖਾਨੰਦ ਸ਼੍ਰੀਮਤੀ ਗੁਰਜੀਤ ਕੌਰ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਖਤਰਨਾਕ ਗੈਸਾਂ ਪੈਦਾ ਹੁੰਦੀਆਂ ਹਨ ਜੋ ਕਿ ਹਵਾ ਵਿੱਚ ਜਾ ਕੇ ਪ੍ਰਦੂਸ਼ਣ ਵਿੱਚ ਵਾਧਾ ਕਰਦੀਆਂ ਹਨ ਜਿਸ ਨਾਲ ਮਨੁੱਖ ਅਤੇ ਪੰਛੀ ਗੰਭੀਰ ਬਿਮਾਰੀਆਂ ਦੀ ਚਪੇਟ ਵਿੱਚ ਆ ਜਾਂਦੇ ਹਨ ਇਸ ਕਰਕੇ ਸਾਨੂੰ ਪਰਾਲੀ ਨਹੀਂ ਸਾੜਨੀ ਚਾਹੀਦੀ। ਸ਼੍ਰੀ ਜਗਦੀਸ਼ ਸਿੰਘ ਰਾਹੀ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਜ਼ਮੀਨ ਦਾ ਜੈਵਿਕ ਮਾਦਾ ਨਸ਼ਟ ਹੋ ਜਾਂਦਾ ਹੈ ਅਤੇ ਇਸਦੀ ਸਿਹਤ ਵੀ ਖਰਾਬ ਹੁੰਦੀ ਹੈ। ਪ੍ਰਦੂਸ਼ਣ ਨਾਲ ਦਰੱਖਤਾਂ, ਕੀਟ ਪਤੰਗਿਆਂ ਅਤੇ ਪੰਛੀਆਂ ਦਾ ਖਾਤਮਾ ਹੁੰਦਾ ਹੈ। ਉਨਾਂ ਨੇ ਆਮ ਜਨਤਾ ਖਾਸ ਕਰਕੇ ਨੌਜਵਾਨਾਂ ਨੂੰ ਪਟਾਖੇ ਰਹਿਤ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਇਸ ਮੌਕੇ ਗੁਰਜੀਤ ਕੌਰ, ਜਸਮੇਲ ਕੌਰ, ਨਿਰਮਲ ਕੌਰ ਪ੍ਰ੍ਰੋਗਰਾਮ ਅਫਸਰ ਕੌਮੀ ਸੇਵਾ ਯੋਜਨਾ ਇਕਾਈ, ਨਵਦੀਪ ਕੌਰ, ਮੈਡਮ ਕਵਿਤਾ, ਇੰਦਰਜੀਤ ਸਿੰਘ ਪ੍ਰ੍ਰੋਗਰਾਮ ਅਫਸਰ ਕੌਮੀ ਸੇਵਾ ਯੋਜਨਾ ਇਕਾਈ, ਅਸ਼ੋਕ ਕੁਮਾਰ ਗੋਇਲ, ਕਰਮਜੀਤ ਸਿੰਘ, ਜਸਵਿੰਦਰ ਸਿੰਘ, ਕੁਲਵੰਤ ਕੌਰ, ਨੀਰੂ ਰਾਣੀ, ਨਿਰਮਲਾ ਦੇਵੀ, ਮਨਪ੍ਰੀਤ ਕੌਰ ਹਾਜ਼ਰ ਸਨ।