ਮੋਗਾ ਜ਼ਿਲੇ ‘ਚ ਮਿਡ ਡੇ ਮੀਲ ਨੂੰ ਸਫ਼ਲਤਾ-ਪੂਰਵਿਕ ਢੰਗ ਨਾਲ ਚਲਾਉਣ ਲਈ 1.83 ਕਰੋੜ ਰੁਪਏ ਦੀ ਤਿਮਾਹੀ ਰਾਸ਼ੀ ਕੀਤੀ ਗਈ ਜਾਰੀ

ਮੋਗਾ 22 ਅਕਤੂਬਰ: (ਜਸ਼ਨ): ਮਿਡ-ਡੇ-ਮੀਲ ਸਕੀਮ ਜ਼ਿਲੇ ਅੰਦਰ ਨਿਰਵਿਘਨ ਜਾਰੀ ਹੈ ਅਤੇ ਇਹ ਸਕੀਮ ਗਰੀਬ ਅਤੇ ਲੋੜਵੰਦ ਬੱਚਿਆਂ ਲਈ ਲਾਭਕਾਰੀ ਸਾਬਤ ਹੋ ਰਹੀ ਹੈ। ਸਰਕਾਰ ਵੱਲੋਂ ਜ਼ਿਲੇ ਵਿੱਚ ਮਿਡ ਡੇ ਮੀਲ ਨੂੰ ਸਫ਼ਲਤਾ-ਪੂਰਵਿਕ ਚਲਾਉਣ ਲਈ 1.83 ਕਰੋੜ ਰੁਪਏ ਦੀ ਤਿਮਾਹੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਆਈ.ਏ.ਐਸ ਨੇ ਦੱਸਿਆ ਕਿ ਮੋਗਾ ਜ਼ਿਲੇ ਵਿੱਚ ਅੱਪਰ-ਪ੍ਰਾਇਮਰੀ ਸਕੂਲਾਂ ‘ਚ ਪੜਨ ਵਾਲੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਗਿਣਤੀ 25547 ਅਤੇ ਪ੍ਰਾਇਮਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ 38411 ਹੈ। ਇੰਨਾਂ ਸਾਰੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਮੀਨੂ ਅਨੁਸਾਰ ਬਿਲਕੁੱਲ ਮੁਫ਼ਤ ਦਿੱਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਰੇ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਦੇਣ, ਬੱਚਿਆਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਤੇ ਨਿਯਮਤਤਾ ਹਾਜ਼ਰੀ ਵਧਾਉਣ ਦੇ ਮਕਸਦ ਨਾਲ ਸਾਰੇ ਸਰਕਾਰੀ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਕੂਲਾਂ/ਮਾਨਤਾ ਪ੍ਰਾਪਤ ਸਕੂਲਾਂ ਵਿੱਚ ਮਿਡ-ਡੇ-ਮੀਲ ਸਕੀਮ ਲਾਗੂ ਕੀਤੀ ਗਈ ਹੈ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਐ ਸਿ) ਸ. ਨੇਕ ਸਿੰਘ ਨੇ ਦੱਸਿਆ ਕਿ ਖਾਣਾ ਬਣਾਉਣ ਲਈ ਜ਼ਿਲੇ ਦੇ ਸਾਰੇ ਸਕੂਲਾਂ ਲਈ 1456 ਕੁੱਕ ਰੱਖੇ ਹੋਏ ਹਨ, ਜਿੰਨਾਂ ਨੂੰ ਪ੍ਰਤੀ ਮਹੀਨਾ ਪ੍ਰਤੀ ਕੁੱੱਕ 1700 ਰੁਪਏ ਮਾਣ-ਭੱਤਾ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਚਾਲੂ ਵਿੱਤੀ ਸਾਲ 2019-20 ਦੀ ਦੂਸਰੀ ਤਿਮਾਹੀ ਦੌਰਾਨ ਪ੍ਰਾਇਮਰੀ ਸਕੂਲਾਂ ਲਈ 99.25 ਲੱਖ ਰੁਪਏ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਲਈ 83.80 ਲੱਖ ਰੁਪਏ ਕੁਕਿੰਗ ਕੋਸਟ ‘ਤੇ ਖਰਚ ਕੀਤੇ ਗਏ। ਇਸ ਤੋਂ ਇਲਾਵਾ ਕੁੱਕਾਂ ਦੇ ਮਾਣ-ਭੱਤੇ ’ਤੇ 74.26 ਲੱਖ ਰੁਪਏ ਖਰਚ ਕੀਤੇ ਗਏ ਹਨ। ਸ. ਨੇਕ ਸਿੰਘ  ਨੇ ਅੱਗੇ ਦੱਸਿਆ ਕਿ ਜ਼ਿਲੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਗੈਸ ਕੁਨੈਕਸ਼ਨ ਅਤੇ ਗੈਸੀ ਭੱਠੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਾਰੇ ਸਕੂਲਾਂ ਵਿਚ ਅੱਗ ਬੁਝਾਊ ਯੰਤਰ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਖਾਣਾ ਖਾਣ ਲਈ ਸਾਰੇ ਸਕੂਲਾਂ ਨੂੰ ਬੱਚਿਆਂ ਦੀ ਗਿਣਤੀ ਅਨੁਸਾਰ ਬਰਤਨ ਵੀ ਸਪਲਾਈ ਕੀਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਇਸ ਵਿੱਤੀ ਸਾਲ 2019-20 ਦੀ ਦੂਸਰੀ ਤਿਮਾਹੀ ਲਈ ਪ੍ਰਾਇਮਰੀ ਸਕੂਲਾਂ ਲਈ 1350 ਕੁਇੰਟਲ ਚਾਵਲ ਅਤੇ 1350 ਕੁਇੰਟਲ ਕਣਕ ਸਪਲਾਈ ਕੀਤੀ ਜਾ ਚੁੱਕੀ ਹੈ, ਜਦ ਕਿ ਅੱਪਰ ਪ੍ਰਾਇਮਰੀ ਸਕੂਲਾਂ ਲਈ 1500 ਕੁਇੰਟਲ ਚਾਵਲ ਅਤੇ 1400 ਕੁਇੰਟਲ ਕਣਕ ਸਪਲਾਈ ਕੀਤੀ ਜਾ ਚੁੱਕੀ ਹੈ। ਇਸ ਮੀਟਿੰਗ ਵਿੱਚ ਉਪ ਜ਼ਿਲਾ ਸਿੱਖਿਆ ਅਫ਼ਸਰ (ਪ੍ਰਾ) ਰਾਕੇਸ਼ ਕੁਮਾਰ, ਐਸ.ਕੇ. ਬਾਸਲ ਐਨ.ਜੀ.ਓ., ਹਸਨਇੰਦਰਜੀਤ ਸਿੰਘ, ਰੇਨੂੰ ਬਾਲਾ, ਮਨਜੀਤ ਸਿੰਘ, ਅੰਜਲਾ ਅਤੇ ਹੋਰ ਕਰਮਚਾਰੀ ਮੌਜੂਦ ਸਨ।