ਖਪਤਕਾਰ ਸ਼ਿਕਾਇਤ ਪ੍ਰਣਾਲੀ ਤਹਿਤ 70 ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ,ਉੱਚ ਅਧਿਕਾਰੀਆਂ ਨੇ ਦਿਹਾਤੀ ਅਤੇ ਸ਼ਹਿਰੀ ਖਪਤਕਾਰਾਂ ਦੇ ਸਖਤ ਸਵਾਲਾਂ ਦੇ ਦਿੱਤੇ ਜਵਾਬ

ਕੋਟਕਪੂਰਾ, 21 ਅਕਤੂਬਰ (ਟਿੰਕੂ ਕੁਮਾਰ) :- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਸਥਾਨਕ ਮੁਕਤਸਰ ਸੜਕ ’ਤੇ ਸਥਿੱਤ ਵਿਭਾਗ ਦੇ ਸੁਵਿਧਾ ਸੈਂਟਰ ਵਿਖੇ ਖਪਤਕਾਰ ਸ਼ਿਕਾਇਤ ਨਿਵਾਰਨ ਪ੍ਰਣਾਲੀ ਤਹਿਤ ਕਰਵਾਏ ਗਏ ਪ੍ਰੋਗਰਾਮ ਦੌਰਾਨ 70 ਤੋਂ ਜਿਆਦਾ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਤੁਰਤ ਨਿਪਟਾਰਾ ਕੀਤਾ ਗਿਆ ਅਤੇ ਉਦਯੋਗਪਤੀਆਂ ਦੇ ਨਾਲ-ਨਾਲ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ’ਚੋਂ ਆਏ ਖਪਤਕਾਰਾਂ ਦੀਆਂ ਬਾਕੀ ਸ਼ਿਕਾਇਤਾਂ ਬਾਰੇ ਸਥਾਨਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਕਾਇਦਾ ਡਿਊਟੀਆਂ ਲਾਈਆਂ ਗਈਆਂ। ਵਿਭਾਗ ਦੇ ਉੱਚ ਅਧਿਕਾਰੀਆਂ ਦੀ ਪੁੱਜੀ ਟੀਮ ਦੇ ਬਣਾਏ ਗਏ ਪ੍ਰਧਾਨਗੀ ਮੰਡਲ ’ਚ ਚੀਫ ਇੰਜੀਨੀਅਰ ਗੁਰਪਾਲ ਸਿੰਘ ਸੀਜੀਆਰਐਫ, ਇੰਜੀ. ਮੁਕੇਸ਼ ਬਾਂਸਲ, ਨਿਗਰਾਨ ਇੰਜੀ. ਜਸਵੀਰ ਸਿੰਘ, ਐਕਸੀਅਨ ਤਰਲੋਚਨ ਸਿੰਘ ਬਰਾੜ, ਐਕਸੀਅਨ ਮਨਦੀਪ ਸਿੰਘ ਸੰਧੂ, ਐਕਸੀਅਨ ਦਮਨਜੀਤ ਸਿੰਘ ਤੂਰ, ਐਕਸੀਅਨ ਕੁਲਦੀਪ ਧੰਜੂ, ਐਕਸੀਅਨ ਵਿਜੈ ਬਾਂਸਲ, ਐਸਡੀਓ ਬਲਵਿੰਦਰ ਸਿੰਘ, ਐਸਡੀਓ ਇਕਬਾਲ ਸਿੰਘ ਆਦਿ ਬਿਰਾਜਮਾਨ ਸਨ। ਸ਼ਹਿਰ ਦੇ ਉਦਯੋਗਪਤੀਆਂ ਵਲੋਂ ਬੋਲੇ ਸੰਦੀਪ ਕਟਾਰੀਆ ਅਤੇ ਅਨਿਲ ਕੁਮਾਰ ਅਗਰਵਾਲ ਨੇ ਦੱਸਿਆ ਕਿ ਉਦਯੋਗਾਂ ਨੂੰ ਦਿਨ ਸਮੇਂ 2 ਰੁਪਏ ਪ੍ਰਤੀ ਯੂਨਿਟ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ ਪਰ ਬਿਜਲੀ ਵਿਭਾਗ ਅਤੇ ਸਰਕਾਰ ਵਲੋਂ ਰਾਤ ਨੂੰ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ 1 ਰੁਪਏ 25 ਪੈਸੇ ਦੀ ਰਿਆਇਤ ਦੇਣ ਦੇ ਦਾਅਵੇ ਖੋਖਲੇ ਹਨ। ਕਿਉਂਕਿ ਪੰਜਾਬ ਭਰ ਦੇ ਖਪਤਕਾਰਾਂ ਨੂੰ ਰਾਤ ਸਮੇਂ ਸਿਰਫ 55 ਪੈਸੇ ਦੀ ਰਿਆਇਤ ਦਿੱਤੀ ਜਾ ਰਹੀ ਹੈ। ਇਸ ਮੌਕੇ ਖਪਤਕਾਰਾਂ ਨੇ ਬਿਜਲੀ ਬਿੱਲ ’ਚ ਗਊ ਟੈਕਸ ਲਾਉਣ, ਗੁਆਂਢੀ ਰਾਜਾਂ ਨਾਲੋਂ ਪੰਜਾਬ ਵਾਸੀਆਂ ਨੂੰ ਮਹਿੰਗੀ ਬਿਜਲੀ ਵੇਚਣ, ਕਿਸਾਨਾਂ ਨੂੰ ਖੇਤਾਂ ਲਈ ਅਤੇ ਦਲਿਤ ਵਰਗ ਜਾਂ ਪਛੜੀਆਂ ਸ਼ੇ੍ਰਣੀਆਂ ਨੂੰ ਕੁਝ ਕੁ ਯੂਨਿਟ ਦਿੱਤੀ ਜਾ ਰਹੀ ਮੁਫਤ ਬਿਜਲੀ ਦਾ ਭਾਰ ਦੂਜਿਆਂ ’ਤੇ ਪਾਉਣ ਦੀ ਸਮੱਸਿਆ ਵੀ ਸਾਂਝੀ ਕੀਤੀ। ਆਪਣੇ ਸੰਬੋਧਨ ਦੌਰਾਨ ਚੀਫ ਇੰਜੀ. ਗੁਰਪਾਲ ਸਿੰਘ, ਇੰਜੀ. ਮੁਕੇਸ਼ ਬਾਂਸਲ, ਨਿਗਰਾਨ ਇੰਜੀ. ਜਸਵੀਰ ਸਿੰਘ ਅਤੇ ਐਕਸੀਅਨ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਖਪਤਕਾਰ ਸ਼ਿਕਾਇਤ ਨਿਵਾਰਨ ਪ੍ਰਣਾਲੀ (ਸੀਜੀਆਰਐਫ) ਦੇ ਅਜਿਹੇ ਪੋ੍ਰਗਰਾਮਾਂ ’ਚ ਬਿੱਲਾਂ ਨਾਲ ਸਬੰਧਤ ਵਿਵਾਦ, ਸਰਵਿਸ ਕੁਨੈਕਸ਼ਨ ਚਾਰਜ, ਮੀਟਰ ਦੀ ਖਰਾਬੀ, ਸਪਲੀਮੈਂਟਰੀ ਬਿੱਲਾਂ ਦੀ ਰਕਮ, ਗਲਤ ਟੈਰਿਫ ਲੱਗਣ, ਖਪਤ ਮੁਤਾਬਿਕ ਸਕਿਊਰਟੀ ’ਚ ਫਰਕ, ਵੋਲਟੇਜ਼ ਸਰਚਾਰਜ, ਸਰਵਿਸ ਕੁਨੈਕਸ਼ਨ ’ਚ ਦੇਰੀ, ਬਿਜਲੀ ਸਪਲਾਈ ਦੀ ਸਮੱਸਿਆ, ਖਰਾਬ ਮੀਟਰ ਬਦਲਣ ’ਚ ਦੇਰੀ, ਪੈਸੇ ਜਮਾ ਕਰਵਾਉਣ ਦੇ ਬਾਵਜੂਦ ਖਪਤਕਾਰ ਦਾ ਕੁਨੈਕਸ਼ਨ ਕੱਟ ਦੇਣ ਵਰਗੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ। ਉਨਾ ਦੱਸਿਆ ਕਿ ਜੇਕਰ ਖਪਤਕਾਰ ਫਿਰ ਵੀ ਸਹਿਮਤ ਜਾਂ ਸੰਤੁਸ਼ਟ ਨਹੀਂ ਤਾਂ ਉਹ ਫੋਰਮ ਦੇ ਉਕਤ ਫੈਸਲੇ ਵਿਰੁੱਧ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਅਧੀਨ ਆਉਂਦੇ ਲੋਕਪਾਲ ਮੋਹਾਲੀ ਵਿਖੇ ਅਪੀਲ ਕਰ ਸਕਦਾ ਹੈ। ਖਪਤਕਾਰਾਂ ਨੇ ਉੱਚ ਅਧਿਕਾਰੀਆਂ ਨੂੰ ਭਵਿੱਖ ’ਚ ਵੀ ਇਸ ਤਰਾਂ ਦੇ ਪੋ੍ਰਗਰਾਮ ਕਰਾਉਂਦੇ ਰਹਿਣ ਦੀ ਅਪੀਲ ਕੀਤੀ।