ਤਿੰਨ ਦਿਨ ਚੱਲੇ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਨੂੰ ਦੇਖਣ ਲਈ 8 ਹਜ਼ਾਰ ਤੋਂ ਵਧੇਰੇ ਦਰਸ਼ਕਾਂ ਨੇ ਕੀਤੀ ਸ਼ਮੂਲੀਅਤ

ਮੋਗਾ 21 ਅਕਤੂਬਰ:(ਜਸ਼ਨ):ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਆਈ.ਐਸ.ਐਫ਼ ਕਾਲਜ ਨੇੜੇ ਖੁੱਲੇ ਮੈਦਾਨ ਵਿੱਚ ਆਯੋਜਿਤ ਕੀਤੇ ਗਏ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦੀ ਅੱਜ ਸਮਾਪਤੀ ਹੋ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨਾਂ ਦੀਆਂ ਸਿੱਖਿਆਵਾਂ ਬਾਰੇ ਜਾਣੂ ਕਰਾਉਣ ਲਈ ਤਿੰਨ ਦਿਨ ਤੱਕ ਆਯੋਜਿਤ ਕੀਤੇ ਗਏ ਇਸ ਸਮਾਗਮ ਨੂੰ 8,000 ਤੋਂ ਵਧੇਰੇ ਲੋਕਾਂ ਨੇ ਦੇਖਿਆ। ਆਧੁਨਿਕ ਤਕਨੀਕ ਨਾਲ ਲਿਬਰੇਜ਼ ਡਿਜ਼ੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸ਼ੋਆਂ ਦੇ ਸਫ਼ਲ ਆਯੋਜਨ ਨਾਲ ਮੋਗਾ ਸਹਿਰ ਅਤੇ ਨਾਲ ਲੱਗਦੇ ਪਿੰਡਾਂ ਦੀ ਸੰਗਤ ਪੂਰੀ ਤਰਾਂ ਰੂਹਾਨੀਅਤ ਦੇ ਰੰਗ ਵਿੱਚ ਰੰਗੀ ਗਈ ਅਤੇ ਦਰਸ਼ਕਾਂ ਨੇ ਪੰਜਾਬ ਸਰਕਾਰ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ। ਅੱਜ ਦੇ ਆਯੋਜਨਾਂ ਦੌਰਾਨ ਸਵੇਰੇ 6.30 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ ਡਿਜ਼ੀਟਲ ਅਜਾਇਬਘਰ ਨੂੰ 1,868 ਲੋਕਾਂ ਨੇ ਦੇਖਿਆ, ਜਦਕਿ ਸ਼ਾਮ ਨੂੰ ਦਿਖਾਏ ਗਏ ਲਾਈਟ ਐਂਡ ਸਾਊਂਡ ਸ਼ੋਅਜ਼ ਵਿੱਚ ਵੀ ਸੰਗਤ ਨੇ ਭਰਵੀਂ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਪਹਿਲੇ ਦਿਨ ਅਤੇ ਦੂਜੇ ਦਿਨ ਵੀ 4,500 ਤੋਂ ਵਧੇਰੇ ਲੋਕਾਂ ਨੇ ਡਿਜੀਟਲ ਮਿਊਜ਼ੀਅਮ ਅਤੇ ਇਨਾਂ ਸ਼ੋਅਜ਼ ਨੂੰ ਦੇਖਿਆ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਜੀਵਨ ਬਿਰਤਾਂਤ ਤੇ ਉਨਾਂ ਦੀਆਂ ਸਿੱਖਿਆਵਾਂ ਨੂੰ ਜਾਣਿਆ ਸੀ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਇਸ ਤਿੰਨ ਦਿਨ ਚੱਲੇ ਸਮਾਗਮ ਨੂੰ ਸਫ਼ਲ ਕਰਨ ਲਈ ਸੰਗਤ, ਅਧਿਕਾਰੀਆਂ ਅਤੇ ਵੱਖ-ਵੱਖ ਧਿਰਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸਾਡੇ ਜੀਵਨ ਨੂੰ ਅਧਿਆਤਮਕਤਾ ਨਾਲ ਜੋੜਨ ਵਾਲਾ ਇਹ ਪ੍ਰਵਾਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫ਼ਰਵਰੀ 2020 ਤੱਕ ਇਸੇ ਤਰਾਂ ਚੱਲਦਾ ਰਹੇਗਾ। ਉਨਾਂ ਇਸ ਆਯੋਜਨ ਲਈ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਮਿਤੀ 3 ਅਤੇ 4 ਨਵੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਬਾਹਮਣੀਆਂ, ਤਹਿਸੀਲ ਧਰਮਕੋਟ ਨੇੜੇ ਸਤਲੁਜ ਦਰਿਆ ਵਿੱਚ ਵੀ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਆਯੋਜਨ ਦਾ ਵੀ ਵੱਧ ਤੋਂ ਵੱਧ ਲਾਭ ਲੈਣ।