ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ‘ਚ ਮਾਉਂਟ ਲਿਟਰਾ ਜ਼ੀ ਸਕੂਲ ‘ਚ ਮਨਾਇਆ ‘ਗਲੋਬਲ ਹੈਂਡ ਵਾਸ਼ਿੰਗ ਡੇ ’

ਮੋਗਾ ,15 ਅਕਤੂਬਰ (ਜਸ਼ਨ): ਮੋਗਾ ਲੁਧਿਆਣਾ ਜੀ ਟੀ ਰੋਡ ਤੇ ਸਥਿਤ ਪਿੰਡ ਪੁਰਾਣੇਵਾਲਾ ਦੇ ਮਾਉਂਟ ਲਿਟਰਾ ਜੀ ਸਕੂਲ ਵਿਚ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਵਿੱਚ ਗਲੋਬਲ ਹੈਂਡ ਵਾਸ਼ਿੰਗ ਡੇ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਕੂਲ ਪਿ੍ਰੰਸੀਪਲ ਡਾਕਟਰ ਨਿਰਮਲ ਧਾਰੀ ਨੇ ਦੱਸਿਆ ਕਿ ਸਕੂਲ ਸਪੱਸ਼ਟ ਰੂਪ ਵਿੱਚ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਵਿੱਚ ਯਕੀਨ ਰੱਖਦਾ ਹੈ ਅਤੇ ਇਹਨਾਂ ਸੰਭਾਵਨਾਵਾਂ ਦੇ ਚੱਲਦਿਆਂ ਸਕੂਲ ਵਿਦਿਆਰਥੀਆਂ ‘ਚ ਚੰਗੀਆਂ ਆਦਤਾਂ ਨੂੰ ਵਿਕਸਤ ਕਰਨ ਲਈ ਹਮੇਸ਼ਾ ਸਕੂਲ ਪ੍ਰਬੰਧਕ ਕਮੇਟੀ ਯਤਨਸ਼ੀਲ ਰਹਿੰਦੀ ਹੈ। ਉਨਾਂ ਆਖਿਆ ਕਿ ਇਸ ਸਾਲ ਦਾ ਵਿਸ਼ਾ ‘ਸਾਡਾ ਹੱਥ ਸਾਡਾ ਭਵਿੱਖ’ ਤਹਿਤ ਹੱਥ ਧੋਣ ਦੇ ਲਾਭ ਅਤੇ ਆਪਣੇ ਆਪ ਨੂੰ ਸਿਹਤਮੰਦ ਬਣਾਈ ਰੱਖਣ ਲਈ ਅੱਜ ਦਾ ਹੈੱਡ ਵਾਸ਼ਿੰਗ ਡੇ ਮੀਲ ਪੱਥਰ ਸਾਬਤ ਹੋਵੇਗਾ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਇਹ ਵੀ ਪ੍ਰੇਰਨਾ ਕੀਤੀ ਗਈ ਕਿ ਚੰਗੇ ਤਰੀਕੇ ਨਾਲ ਹੱਥ ਥੋਣ ਨਾਲ ਅਨੇਕਾਂ ਰੋਗਾਂ ਤੋਂ ਬਚਿਆ ਜਾ ਸਕਦਾ ਹੈ।  ਇਸ ਮੌਕੇ ਵੱਖ ਵੱਖ ਅਧਿਆਪਕਾਂ ਨੇ ਹੱਥ ਧੋਣ ਦੇ ਤਰੀਕਿਆਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ । ਵਿਦਿਆਰਥੀਆਂ ਨੇ ਵੀ ਆਪਣੀਆਂ ਕਲਾ ਕਿ੍ਰਤੀਆਂ ਰਾਹੀਂ ਸਾਥੀ ਵਿਦਿਆਰਥੀਆਂ ਨੂੰ ਹੱਥ ਧੋਣ ਦੀਆਂ ਵਿਧੀਆਂ ਬਾਰੇ ਸਮਝਾਇਆ। ਇਸ ਮੌਕੇ ਪਿ੍ੰਸੀਪਲ ਨਿਰਮਲ ਧਾਰੀ ਨੇ ਵਿਦਿਆਰਥੀਆਂ ਨੂੰ ਨਾ ਸਿਰਫ ਖਾਣਾ ਖਾਣ ਤੋਂ ਪਹਿਲਾਂ ਬਲਕਿ ਖਾਣਾ ਖਾਣ ਤੋਂ ਬਾਅਦ ਹੱਥ ਧੋਣ ਲਈ ਪ੍ਰੇਰਨਾ ਕੀਤੀ ਅਤੇ ਉਨਾਂ ਨੂੰ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗੁਆਂਢ ‘ਚ ਰਹਿੰਦੇ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਹੱਥ ਧੋਣ ਦੀ ਅਹਿਮੀਅਤ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।  ਉਨਾਂ ਆਖਿਆ ਕਿ ਮਾਊਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀ ਸਮੁੱਚੇ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਰਾਜਦੂਤ ਦਾ ਰੋਲ ਅਦਾ ਕਰ ਸਕਦੇ ਨੇ।