'ਖੇਲੋ ਇੰਡੀਆ ਯੂਥ ਗੇਮਜ਼-2020',ਪੰਜਾਬ ਦੀਆਂ ਟੀਮਾਂ ਲਈ ਚੋਣ ਟਰਾਇਲ 13 ਤੋਂ 19 ਅਕਤੂਬਰ ਤੱਕ ਲਏ ਜਾਣਗੇ: ਰਾਣਾ ਗੁਰਮੀਤ ਸਿੰਘ ਸੋਢੀ

ਚੰਡੀਗੜ੍ਹ, 12 ਅਕਤੂਰ :'(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਖੇਲੋ ਇੰਡੀਆ ਯੂਥ ਗੇਮਜ਼-2020' ਗੁਹਾਟੀ (ਅਸਾਮ) ਵਿਖੇ 10 ਜਨਵਰੀ ਤੋਂ 22 ਜਨਵਰੀ, 2020 ਤੱਕ ਹੋਣ ਜਾ ਰਹੀਆਂ ਹਨ। ਪੰਜਾਬ ਦੀਆਂ ਟੀਮਾਂ ਲਈ ਚੋਣ ਟਰਾਇਲ 13 ਅਕਤੂਬਰ ਤੋਂ ਖੇਡ ਭਵਨ, ਸੈਕਟਰ-78, ਮੋਹਾਲੀ ਵਿਖੇ ਸ਼ੁਰੂ ਹੋਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ 13 ਅਕਤੂਬਰ, 2019 ਨੂੰ ਲੜਕਿਆਂ ਦੀ ਅੰਡਰ-17 ਗਰੁੱਪ ਦੀ ਬਾਸਕਟਬਾਲ ਟੀਮ ਅਤੇ ਲੜਕੇ ਤੇ ਲੜਕੀਆਂ ਦੀ ਅੰਡਰ-21 ਗਰੁੱਪ ਦੀ ਬਾਸਕਟਬਾਲ ਟੀਮ ਦੇ ਟਰਾਇਲ ਖੇਡ ਭਵਨ, ਸੈਕਟਰ-78 ਵਿਖੇ ਲਏ ਜਾਣਗੇ। ਉਨ੍ਹਾਂ ਦੱਸਿਆ ਕਿ 14 ਅਕਤੂਬਰ ਨੂੰ ਲੜਕਿਆਂ ਦੀ ਅੰਡਰ-17 ਗਰੁੱਪ ਦੀ ਫੁੱਟਬਾਲ ਟੀਮ ਦੇ ਟਰਾਇਲ ਵੀ ਇਸੇ ਜਗ੍ਹਾ ਹੀ ਲਏ ਜਾਣਗੇ। ਇਸੇ ਤਰ੍ਹਾਂ 15 ਅਕਤੂਬਰ ਨੂੰ ਲੜਕੇ ਅਤੇ ਲੜਕੀਆਂ ਦੀ ਅੰਡਰ-21 ਗਰੁੱਪ ਦੀ ਫੁੱਟਬਾਲ ਟੀਮ ਦੇ ਟਰਾਇਲ ਅਤੇ 17 ਅਕਤੂਬਰ ਨੂੰ ਲੜਕੇ ਅਤੇ ਲੜਕੀਆਂ ਦੀ ਅੰਡਰ-21 ਗਰੁੱਪ ਦੀ ਵਾਲੀਬਾਲ ਟੀਮ ਦੇ ਟਰਾਇਲ ਵੀ ਉਕਤ ਦੱਸੀ ਥਾਂ 'ਤੇ ਹੀ ਲਏ ਜਾਣਗੇ।ਮੰਤਰੀ ਨੇ ਅੱਗੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੀ ਅੰਡਰ-17 ਗਰੁੱਪ ਦੀ ਹਾਕੀ ਟੀਮ ਅਤੇ ਲੜਕਿਆਂ ਦੀ ਅੰਡਰ-21 ਗਰੁੱਪ ਦੀ ਹਾਕੀ ਟੀਮ ਦੇ ਟਰਾਇਲ ਕ੍ਰਮਵਾਰ 18 ਅਤੇ 19 ਅਕਤੂਬਰ ਨੂੰ ਇੰਟਰਨੈਸ਼ਨਲ ਹਾਕੀ ਸਟੇਡੀਅਮ, ਸੈਕਟਰ-63, ਮੋਹਾਲੀ ਵਿਖੇ ਲਏ ਜਾਣਗੇ।ਰਾਣਾ ਸੋਢੀ ਨੇ ਕਿਹਾ ਕਿ ਜਿਹੜੇ ਯੋਗ ਖਿਡਾਰੀ ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣ ਦੇ ਇਛੁੱਕ ਹਨ ਉਹ ਰਜਿਸਟ੍ਰੇਸ਼ਨ ਲਈ ਸਵੇਰੇ 8 ਵਜੇ ਸਬੰਧਤ ਥਾਵਾਂ 'ਤੇ ਜ਼ਿਲ੍ਹਾ ਖੇਡ ਅਧਿਕਾਰੀ ਕੋਲ ਰਿਪੋਰਟ ਕਰਨ। ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਲੜਕੀਆਂ ਦੀ ਅੰਡਰ-17 ਗਰੁੱਪ ਦੀ ਖੋ-ਖੋ ਟੀਮ ਦੇ ਟਰਾਇਲ ਪਿੰਡ ਭਨੌਰੀ ਕਲਾਂ, ਜ਼ਿਲ੍ਹਾ ਸੰਗਰੂਰ ਵਿਖੇ 16 ਅਕਤੂਬਰ ਨੂੰ ਲਏ ਜਾਣਗੇ।ਰਾਣਾ ਸੋਢੀ ਨੇ ਉਮੀਦ ਜਤਾਈ ਕਿ ਪੰਜਾਬ ਦੀਆਂ ਟੀਮਾਂ ਖੇਲੋ ਇੰਡੀਆਂ ਯੂਥ ਗੇਮਾਂ ਵਿੱਚ ਯਕੀਨਨ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਉੱਤਮ ਸਥਾਨ ਦਿਵਾਉਣ ਲਈ ਰਾਹ ਪੱਧਰਾ ਕਰਨਗੀਆਂ।