ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਪਾਇਲਟ ਗੱਡੀ ਹੋਈ ਹਾਦਸਾਗ੍ਰਸਤ, ਇਕ ਸੀ ਆਈ ਐੱਸ ਐੱਫ ਜਵਾਨ ਦੀ ਮੌਤ ,ਚਾਰ ਜਖਮੀਂ

Tags: 

ਮੋਗਾ,10 ਅਕਤੂਬਰ (ਲਛਮਣਜੀਤ ਸਿੰਘ ਪੁਰਬਾ/ ਜਸ਼ਨ):  (9 ਅਤੇ 10 ਅਕਤੂਬਰ ਦੀ ਰਾਤ)  ਬੀਤੀ ਰਾਤ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਕਾਫਲੇ ‘ਚ ਸ਼ਾਮਲ ਪਾਇਲਟ ਗੱਡੀ ਮੋਗਾ ਕੋਟਕਪੂਰਾ ਬਾਈਪਾਸ ਤੋਂ ਲੰਘਦਿਆਂ ਅਚਾਨਕ ਸਾਹਮਣਿਓਂ ਆ ਰਹੇ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਸੀ ਆਈ ਐੱਸ ਐੱਫ ਦੇ ਇਕ ਜਵਾਨ ਦੀ ਮੌਤ ਹੋ ਗਈ । ਇਸ ਪਾਇਲਟ ਗੱਡੀ ਵਿਚ ਡਰਾਈਵਰ ਸਮੇਤ ਸੀ ਆਈ ਐੱਸ ਐੱਫ ਦੇ ਕੁੱਲ 5 ਜਵਾਨ ਸਵਾਰ ਸਨ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਿਕਰਮ ਮਜੀਠੀਆ  ਦਾ ਇਹ ਕਾਫਲਾ ਕੱਲ ਦੀ ਸੁਖਬੀਰ ਬਾਦਲ ਦੀ ਦਾਖਾ ਰੈਲੀ ਤੋਂ ਬਾਅਦ ਰਾਤ 1 ਵਜੇ ਦੇ ਕਰੀਬ ਬਠਿੰਡਾ ਜਾ ਰਿਹਾ ਸੀ। ਮੌਕੇ ’ਤੇ ਪਹੁੰਚੀ ਮੋਗਾ ਪੁਲਿਸ ਨੇ ਪਹਿਲਾਂ 5 ਜਖਮੀ ਜਵਾਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਇਕ 34 ਸਾਲਾ ਜਵਾਨ ਗੁੱਡੂ ਕੁਮਾਰ ਨੂੰ ਮਿ੍ਰਤਕ ਕਰਾਰ ਦੇ ਦਿੱਤਾ ਜਦਕਿ ਬਾਕੀ ਚਾਰਾਂ ਦੀ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਜਖਮੀਆਂ ‘ਚ ਵਿਮਲ ਕੁਮਾਰ(ਕੇਰਲਾ) ,ਦਿਗਵਿਜੇ ਕੁਮਾਰ,ਕਮਲਕਾਂਤ (ਬਿਹਾਰ),ਧਰਮਿੰਦਰ ਕੁਮਾਰ (ਯੂ ਪੀ) ਅਤੇ ਗੱਡੀ ਦਾ ਡਰਾਈਵਰ ਗੁਰਭੇਜ ਸਿੰਘ ਵਾਸੀ ਤਰਨਤਾਰਨ ਸ਼ਾਮਲ ਹਨ। ਡੀ ਐੱਸ ਪੀ ਪਰਮਜੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਨੇ ਟਰੱਕ ਅਤੇ ਗੱਡੀਆਂ ਨੂੰ ਕਬਜੇ ਵਿਚ ਲੈ ਕੇ ਤਫਤੀਸ਼ ਜਾਰੀ ਕਰ ਦਿੱਤੀ ਹੈ।